ਬਰਨਾਲਾ,12 ਜੁਲਾਈ, (ਨਿਰਮਲ ਸਿੰਘ ਪੰਡੋਰੀ)-
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਖਾਸ ਕਰਕੇ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਮੋਟਰਾਂ ਦੇ ਆਸ-ਪਾਸ ਘੱਟੋ ਘੱਟ 4-4 ਦਰੱਖਤ ਲਗਾਉਣ ਦੀ ਅਪੀਲ ਕੀਤੀ ਹੈ। ਸੂਬੇ ਦੇ ਵਿਗੜ ਰਹੇ ਵਾਤਾਵਰਨ ਸੰਤੁਲਨ ਦੇ ਮੱਦੇਨਜ਼ਰ ਵਾਤਾਵਰਨ ਪ੍ਰੇਮੀਆਂ ਨੇ ਮੁੱਖ ਮੰਤਰੀ ਦੀ ਇਸ ਅਪੀਲ ਦੀ ਸ਼ਲਾਘਾ ਵੀ ਕੀਤੀ ਹੈ। ਪੰਜਾਬ ‘ਚ ਹਰ ਸਾਲ ਬਰਸਾਤ ਦੇ ਸੀਜ਼ਨ ਵਿੱਚ ਕਰੋੜਾਂ ਦੀ ਗਿਣਤੀ ‘ਚ ਪੌਦੇ ਲਗਾਏ ਜਾਂਦੇ ਹਨ ਪਰੰਤੂ ਇਹਨਾਂ ਵਿੱਚੋਂ 90 ਫੀਸਦੀ ਸੰਭਾਲ ਦੀ ਲਾਪਰਵਾਹੀ ਕਾਰਨ ਖਰਾਬ ਹੋ ਜਾਂਦੇ ਹਨ। ਖੇਤਾਂ ਵਿਚਲੀਆਂ ਮੋਟਰਾਂ ਪੌਦੇ ਲਗਾਉਣ ਲਈ ਇੱਕ ਅਜਿਹਾ ਢੁਕਵਾਂ ਸਥਾਨ ਹੈ ਜਿੱਥੇ ਪਾਣੀ ਦੀ ਕਦੇ ਵੀ ਕੋਈ ਕਮੀ ਨਹੀਂ ਹੁੰਦੀ ਅਤੇ ਅਕਸਰ ਕਿਸਾਨ ਦਾ ਗੇੜਾ ਵੀ ਖੇਤ ਲੱਗਦਾ ਰਹਿੰਦਾ ਹੈ। ਜੇਕਰ ਪੰਜਾਬ ਦੇ ਕਿਸਾਨ ਮੁੱਖ ਮੰਤਰੀ ਦੀ ਇਸ ਅਪੀਲ ਦਾ ਹੁੰਗਾਰਾ ਭਰਨ ਤਾਂ ਸੂਬੇ ਦੇ ਵਿਗੜ ਰਹੇ ਵਾਤਾਵਰਨ ਸੰਤੁਲਨ ਨੂੰ ਸੰਭਾਲਣ ਦੇ ਲਈ ਇਹ ਇੱਕ ਵੱਡਾ ਉਪਰਾਲਾ ਹੋਵੇਗਾ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਆਪਣੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਵਿੱਚ ਕਿਸਾਨਾਂ ਨੂੰ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ‘ਤੇ ਉਤਸਾਹਿਤ ਵੀ ਕਰਨਾ ਚਾਹੀਦਾ ਹੈ। ਜੇਕਰ ਮੁੱਖ ਮੰਤਰੀ ਦੀ ਇਸ ਅਪੀਲ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮਝਿਆ ਜਾਵੇ ਤਾਂ ਪੁਰਾਣੇ ਸਮਿਆਂ ਵਾਂਗ ਟਾਹਲੀ ਵਾਲਾ ਖੇਤ, ਤੂਤਾਂ ਵਾਲਾ ਖੇਤ, ਪਿੱਪਲ ਵਾਲਾ ਖੇਤ ਦੁਬਾਰਾ ਕਾਇਮ ਹੋ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ ਲਗਾਏ ਜਾ ਰਹੇ ਪੌਦਿਆਂ ਦੀ ਸਾਂਭ ਸੰਭਾਲ ਅਤੇ ਦੇਖਰੇਖ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੋਂ ਬਿਨਾਂ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਮੋਨੀਟਰਿੰਗ ਕਮੇਟੀ ਵੀ ਬਣਾਉਣੀ ਚਾਹੀਦੀ ਹੈ ਜੋ ਲਗਾਏ ਗਏ ਪੌਦਿਆਂ ਦੀ ਗਿਣਤੀ ਅਤੇ ਉਨਾਂ ਦੀ ਸਥਿਤੀ ਬਾਰੇ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਨੂੰ ਦਫਤਰ ਨੂੰ ਭੇਜੇ। ਵੇਖਣ ਵਿੱਚ ਆਇਆ ਹੈ ਕਿ ਹਰ ਸਾਲ ਜ਼ਿਲ੍ਹਾ ਪੱਧਰ ‘ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਆਪਣੀ ਵਾਹਵਾ ਖੱਟਣ ਲਈ ਲੱਖਾਂ ਦੀ ਗਿਣਤੀ ‘ਚ ਪੌਦੇ ਲਗਾ ਦਿੰਦੇ ਹਨ ਪਰੰਤੂ ਉਹਨਾਂ ਦੀ ਸਾਂਭ ਸੰਭਾਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਜੇਕਰ ਬਰਨਾਲਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਤਿੰਨ ਕੁ ਸਾਲਾਂ ਤੋਂ ਬਰਨਾਲਾ ਜ਼ਿਲ੍ਹੇ ਦੀ ਹਦੂਦ ਅੰਦਰ ਕਰੋੜਾਂ ਦੀ ਗਿਣਤੀ ਵਿੱਚ ਪੌਦੇ ਲਗਾਏ ਗਏ ਹਨ ਪ੍ਰੰਤੂ ਹਕੀਕਤ ਦੇ ਵਿੱਚ 10 ਫ਼ੀਸਦੀ ਪੌਦੇ ਵੀ ਬਚਾਏ ਨਹੀਂ ਜਾ ਸਕੇ। ਜੇਕਰ ਮੁੱਖ ਮੰਤਰੀ ਬਰਨਾਲਾ ਜ਼ਿਲ੍ਹੇ ‘ਚ ਲਗਾਏ ਗਏ ਪੌਦਿਆਂ ਦੇ ਮਾਮਲੇ ਦੀ ਪੜਤਾਲ ਆਪਣੇ ਪੱਧਰ ‘ਤੇ ਕਰਵਾਉਣ ਤਾਂ ਇਕੱਲੇ ਬਰਨਾਲਾ ਜ਼ਿਲ੍ਹੇ ਵਿੱਚ ਹੀ ਪੌਦੇ ਲਗਾਉਣ ਸਬੰਧੀ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ। ਮੁੱਖ ਮੰਤਰੀ ਨੂੰ ਦਿਲਚਸਪੀ ਲੈ ਕੇ ਇਸ ਪਾਸੇ ਵੀ ਸਖ਼ਤੀ ਕਰਨੀ ਚਾਹੀਦੀ ਹੈ ਕਿ ਜ਼ਿਲ੍ਹਾ ਪੱਧਰ ‘ਤੇ ਪੌਦੇ ਲਗਾਉਣ ਦੇ ਸਮੇਂ ਮ ਤੋਂ ਲੈ ਕੇ ਉਹਨਾਂ ਦੇ ਰੁੱਖ ਬਣਨ ਤੱਕ ਗਿਣਤੀ ਵਿੱਚ ਕਿੰਨਾ ਕੁ ਫਰਕ ਪੈਂਦਾ ਹੈ।