ਚੰਡੀਗੜ੍ਹ,22 ਜੂਨ (ਨਿਰਮਲ ਸਿੰਘ ਪੰਡੋਰੀ)-
-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਲੜਕੀ ਵੱਲੋਂ ਪਰਿਕਰਮਾ ਦੇ ਅੰਦਰ ਯੋਗ ਆਸਨ ਕਰਕੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਵਾਇਰਲ ਕਰਨ ਦਾ ਸਖ਼ਤ ਨੋਟਿਸ ਲੈਂਦੇ ਹੋਏ ਉਸ ਲੜਕੀ ਦੇ ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਬੀਤੇ ਕੱਲ੍ਹ ਇੱਕ ਅਰਚਨਾ ਮਕਵਾਨਾ ਨਾਮ ਦੀ ਲੜਕੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾਸਨ ਕਰਕੇ ਇਸ ਦੀ ਤਸਵੀਰ ਵਾਇਰਲ ਕੀਤੀ ਸੀ ਇਸ ਦੀ ਸੀਸੀਟੀਵੀ ਕੈਮਰਿਆਂ ਦੁਆਰਾ ਤਸਦੀਕ ਕਰਕੇ ਇਸ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਡਿਊਟੀ ਉੱਪਰ ਤਾਇਨਾਤ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜ਼ਮਾਂ ਵਿੱਚੋਂ ਦੋ ਨੂੰ ਮੁੱਢਲੇ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਤੇ ਇੱਕ ਆਰਜ਼ੀ ਮੁਲਾਜ਼ਮ ਨੂੰ 5000 ਦਾ ਜੁਰਮਾਨਾ ਕਰਕੇ ਉਸਦੀ ਬਦਲੀ ਗੁਰਦੁਆਰਾ ਗੜੀ ਸਾਹਿਬ ਗੁਰਦਾਸ ਨੰਗਲ ਵਿਖੇ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਿਸੇ ਨੂੰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਮਤਿ ਵਿਰੁੱਧ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਰੰਤੂ ਕੁਝ ਲੋਕ ਜਾਣਬੁੱਝ ਕੇ ਇਸ ਪਾਵਨ ਅਸਥਾਨ ਦੀ ਪਵਿੱਤਰਤਾ ਤੇ ਇਤਿਹਾਸਿਕ ਮਹੱਤਤਾ ਨੂੰ ਨਜ਼ਰ ਅੰਦਾਜ਼ ਕਰਕੇ ਕੋਝੀਆਂ ਹਰਕਤਾਂ ਕਰਦੇ ਹਨ। ਐਡਵੋਕੇਟ ਧਾਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸਮੁੱਚੇ ਸਿੱਖ ਜਗਤ ਅੰਦਰ ਵੱਡਾ ਸਤਿਕਾਰ ਹੈ ਅਤੇ ਇਸ ਦੇ ਨਾਲ ਹੀ ਦੇਸ਼ ਦੁਨੀਆਂ ਦੇ ਹਰ ਧਰਮ ਤੇ ਵਰਗ ਨਾਲ ਸਬੰਧਿਤ ਸ਼ਰਧਾਲੂ ਇੱਥੇ ਸ਼ਰਧਾ ਨਾਲ ਨਤਮਸਤਕ ਹੋਣ ਲਈ ਪੁੱਜਦੇ ਹਨ ਜਿਸ ਨੂੰ ਵੇਖਦਿਆਂ ਇੱਥੋਂ ਦੀ ਮਰਿਆਦਾ ਦਾ ਜ਼ਰੂਰ ਖ਼ਿਆਲ ਰੱਖਿਆ ਜਾਵੇ। ਉਹਨਾਂ ਕਿਹਾ ਕਿ ਇੱਕ ਲੜਕੀ ਵੱਲੋਂ ਕੀਤੀ ਗਈ ਇਸ ਹਰਕਤ ਨਾਲ ਸਿੱਖ ਭਾਵਨਾਵਾਂ ਅਤੇ ਮਰਯਾਦਾ ਨੂੰ ਠੇਸ ਪੁੱਜੀ ਹੈ ਇਸ ਲਈ ਪੁਲਿਸ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ।