ਬਰਨਾਲਾ,22 ਜੂਨ (ਨਿਰਮਲ ਸਿੰਘ ਪੰਡੋਰੀ)-
-ਵੀਰਵਾਰ ਬਰਨਾਲਾ ਵਿਖੇ ਕਾਂਗਰਸ ਪਾਰਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਅਣਕਿਆਸੀ ਹਾਰ ‘ਤੇ ਖੁੱਲ੍ਹ ਕੇ ਮੰਥਨ ਕੀਤਾ ਗਿਆ। ਕੁਝ ਬੁਲਾਰਿਆਂ ਨੇ ਤਾਂ ਮੰਚ ‘ਤੇ ਹੀ ਤਿੱਖੀਆਂ ਗੱਲਾਂ ਕੀਤੀਆਂ। ਆਪਣੇ ਸੰਬੋਧਨ ਦੌਰਾਨ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਸੁਖਪਾਲ ਸਿੰਘ ਖਹਿਰਾ ਦੀ ਹਾਰ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਕੁਝ ਲੀਡਰ ਅਜਿਹੇ ਵੀ ਹਨ ਜਿਹੜੇ ਮੰਚ ‘ਤੇ ਗੱਲਾਂ ਵੱਡੀਆਂ ਵੱਡੀਆਂ ਕਰਦੇ ਹਨ ਪਰੰਤੂ ਉਹਨਾਂ ਦੇ ਪਿੰਡਾਂ ਸ਼ਹਿਰਾਂ ਅਤੇ ਬੂਥਾਂ ਵਿੱਚੋਂ ਵੋਟਾਂ ਉਂਗਲੀਆਂ ਦੇ ਪੋਟਿਆਂ ਜਿੰਨੀਆਂ ਹੀ ਨਿਕਲੀਆਂ ਹਨ। ਰਾਜਾ ਵੜਿੰਗ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਇਸ ਦੀ ਸਮੀਖਿਆ ਕਰਨਗੇ ਅਤੇ ਜਿੱਥੇ ਲੋੜ ਪਈ ਉੱਥੇ ਸਖ਼ਤ ਐਕਸ਼ਨ ਵੀ ਲਿਆ ਜਾਵੇਗਾ। ਇਸ ਮੌਕੇ ਬਰਨਾਲਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਮੁਨੀਸ਼ ਬਾਂਸਲ ਨੇ ਜਦ ਆਪਣੇ ਸੰਬੋਧਨ ਦੌਰਾਨ ਸਿੱਧੇ ਤੌਰ ‘ਤੇ ਰਾਜਾ ਵੜਿੰਗ ਨੂੰ ਮੁਖ਼ਾਤਿਬ ਹੁੰਦੇ ਹੋਏ ਕਿਹਾ ਕਿ “ਬਰਨਾਲਾ ਦੀ ਜ਼ਿਮਨੀ ਚੋਣ ‘ਚ ਟਿਕਟ ਕਿਸੇ ਹੋਰ ਨੂੰ ਦੇ ਦੇਵੋ…ਮੈਂ ਤੁਹਾਡੇ ਨਾਲ ਪਾਰਟੀ ਸੰਗਠਨ ਵਿੱਚ ਕੰਮ ਕਰਨਾ ਚਾਹੁੰਦਾ ਹਾਂ”। ਇਸ ਤੋਂ ਬਾਅਦ ਇਕੱਤਰਤਾ ਵਿੱਚ ਸ਼ਾਮਿਲ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਕੰਨ੍ਹ ਚੁੱਕ ਲਏ। ਸਾਰੇ ਆਗੂਆਂ ਤੇ ਵਰਕਰਾਂ ਨੇ ਮੁਨੀਸ਼ ਬਾਂਸਲ ਵੱਲੋਂ ਜ਼ਿਮਨੀ ਚੋਣ ਦੀ ਟਿਕਟ ਸਬੰਧੀ ਕੀਤੀ ਵੱਡੀ ਗੱਲ ਤੋਂ ਬਾਅਦ ਕਾਫੀ ਘੁਸਰ ਮੁਸਰ ਵੀ ਹੋਈ। ਮੁਨੀਸ਼ ਬਾਂਸਲ ਤੋਂ ਬਾਅਦ ਸੰਬੋਧਨ ਕਰਦੇ ਹੋਏ ਰਾਜਾ ਵੜਿੰਗ ਨੇ ਮੁਨੀਸ਼ ਬਾਂਸਲ ਦੀ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ “ਇਹ ਪਾਰਟੀ ਨੇ ਦੇਖਣਾ ਹੈ ਕਿ ਟਿਕਟ ਕਿਸ ਨੂੰ ਦੇਣੀ ਹੈ… ਮੁਨੀਸ਼ ਬਾਂਸਲ ਜੀ ! ਇਹ ਤੁਹਾਡਾ ਫੈਸਲਾ ਨਹੀਂ, ਇਹ ਫੈਸਲਾ ਪਾਰਟੀ ਦਾ ਹੋਵੇਗਾ”। ਬਰਨਾਲਾ ਦੀ ਜ਼ਿਮਨੀ ਚੋਣ ਦੀ ਟਿਕਟ ਦਾ ਫੈਸਲਾ ਤਾਂ ਭਾਵੇਂ ਹਾਈਕਮਾਂਡ ਦਾ ਹੋਵੇਗਾ ਪਰੰਤੂ ਮੁਨੀਸ਼ ਬਾਂਸਲ ਵੱਲੋਂ ਕਹੀ ਵੱਡੀ ਗੱਲ ਤੋਂ ਬਾਅਦ ਟਿਕਟ ਦੇ ਹੋਰ ਦਾਅਵੇਦਾਰਾਂ ਨੇ ਕਮਰਕੱਸੇ ਕਸ ਲਏ ਹਨ। ਦੂਜੇ ਪਾਸੇ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਮੁਨੀਸ਼ ਬਾਂਸਲ ਨੇ ਜ਼ਿਮਨੀ ਚੋਣ ਦੀ ਟਿਕਟ ਕਿਸੇ ਹੋਰ ਨੂੰ ਦੇਣ ਦੀ ਗੱਲ ਕਰਕੇ ਜਵਾਬ ਨਹੀਂ ਦਿੱਤਾ ਸਗੋਂ ਮੁਨੀਸ਼ ਬਾਂਸਲ ਨੇ ਬੜੀ ਚਲਾਕੀ ਨਾਲ ਬਰਨਾਲਾ ਜ਼ਿਲ੍ਹੇ ਦੇ ਸਾਰੇ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ ਵਿੱਚ ਹਾਈ ਕਮਾਂਡ ਨੂੰ ਦੱਸ ਦਿੱਤਾ ਹੈ ਕਿ ਉਹ ਜ਼ਿਮਨੀ ਚੋਣ ਲਈ ਟਿਕਟ ਦੇ ਦਾਅਵੇਦਾਰ ਹਨ।