ਚੰਡੀਗੜ੍ਹ,18 ਜੂਨ, Gee98 news service
-ਪੰਜਾਬ ਪੁਲਿਸ ਦੇ DIG ਨੇ ਜਦ ਇੱਕ ਥਾਣੇ ਦੀ ਅਚਾਨਕ ਚੈਕਿੰਗ ਕੀਤੀ ਤਾਂ ਸਾਹਮਣੇ ਆਇਆ ਕਿ ਐਸਐਚਓ ਸਾਹਿਬ ਆਪਣੇ ਕੁਆਰਟਰਾਂ ਵਿੱਚ ਆਰਾਮ ਫਰਮਾ ਰਹੇ ਸਨ। ਥਾਣੇ ਵਿੱਚ ਸਿਰਫ ਸਹਾਇਕ ਮੁਨਸ਼ੀ ਹਾਜ਼ਰ ਸੀ ਉਹ ਵੀ ਬਿਨਾਂ ਕਿਸੇ ਹਥਿਆਰ ਤੋਂ ਬੈਠਾ ਸੀ। ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਮੰਗਲਵਾਰ ਸਵੇਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਲਿਸ ਥਾਣਾ ਟਾਂਡਾ ਵਿਖੇ ਅਚਾਨਕ ਰੇਡ ਕੀਤੀ। ਜਿਸ ਵੇਲੇ ਡੀਆਈਜੀ ਸਾਹਿਬ ਥਾਣੇ ਵਿੱਚ ਪੁੱਜੇ ਤਾਂ ਐਸਐਚਓ ਆਪਣੇ ਕੁਆਰਟਰ ਵਿੱਚ ਸੌਂ ਰਹੇ ਸਨ ਅਤੇ ਡੀਐਸਪੀ ਵੀ ਆਪਣੇ ਕੁਆਰਟਰ ਵਿੱਚ ਆਰਾਮ ਕਰ ਰਹੇ ਸਨ। ਜਿਸ ‘ਤੇ ਨਾਰਾਜ਼ ਹੁੰਦੇ ਹੋਏ ਡੀਆਈਜੀ ਨੇ ਐਸਐਚਓ ਟਾਂਡਾ ਸਬ ਇੰਸਪੈਕਟਰ ਰਮਨ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਅਤੇ ਡੀਐਸਪੀ ਦੇ ਖਿਲਾਫ ਵੀ ਕਾਰਵਾਈ ਸ਼ੁਰੂ ਕਰ ਦਿੱਤੀ। ਡੀਆਈਜੀ ਨੇ ਇਸ ਮਾਮਲੇ ਵਿੱਚ ਐਸਐਸਪੀ ਹੁਸ਼ਿਆਰਪੁਰ ਤੋਂ ਵੀ ਸਪੱਸ਼ਟੀਕਰਨ ਮੰਗਿਆ ਹੈ। ਥਾਣੇ ਵਿੱਚ ਪੁੱਜ ਕੇ ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਸਭ ਤੋਂ ਪਹਿਲਾਂ ਮੁਨਸ਼ੀ ਦੇ ਕਮਰੇ ਵਿੱਚ ਬੈਠ ਕੇ ਵਾਇਰਲੈਸ ਸੈਟ ‘ਤੇ ਕੰਟਰੋਲ ਰੂਮ ਗੱਲਬਾਤ ਕੀਤੀ। ਡੀਆਈਜੀ ਨੇ ਕੰਟਰੋਲ ਰੂਮ ਨੂੰ ਦੱਸਿਆ ਕਿ “ਤਿੰਨ ਜ਼ਿਲ੍ਹੇ ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਨੋਟ ਕਰਵਾਓ ਕਿ ਮੈਂ ਅੱਜ ਥਾਣਾ ਟਾਂਡਾ ਵਿੱਚ ਚੈਕਿੰਗ ਲਈ ਪੁੱਜਿਆ ਹਾਂ, ਸਵੇਰ ਦੇ ਕਰੀਬ ਸਾਢੇ ਸੱਤ ਵਜੇ ਹਨ ਥਾਣੇ ਵਿੱਚ ਸਿਰਫ ਸਹਾਇਕ ਮੁਨਸ਼ੀ ਬੈਠਾ ਹੈ”। ਥਾਣੇ ਵਿੱਚ ਮੈਨ ਪਾਵਰ ਬਿਲਕੁਲ ਵੀ ਨਹੀਂ ਸੀ, ਥਾਣੇ ਦੀ ਹਵਾਲਾਤ ਵਿੱਚ ਇੱਕ ਮਹਿਲਾ ਹਵਾਲਾਤੀ ਸੀ ਪ੍ਰੰਤੂ ਮੌਕੇ ‘ਤੇ ਕੋਈ ਮਹਿਲਾ ਮੁਲਾਜ਼ਮ ਹਾਜ਼ਰ ਨਹੀਂ ਸੀ। ਡੀਆਈਜੀ ਗਿੱਲ ਨੇ ਕਿਹਾ ਕਿ ਉਹ ਆਪਣੀ ਰੇਂਜ ਵਿੱਚ ਹਰ ਥਾਣੇ ਵਿੱਚ ਚੈਕਿੰਗ ਕਰਨਗੇ ਜਿੱਥੇ ਕੋਈ ਕਮੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ।