-ਸੋਨੇ ਦੇ ਆਂਡੇ ਦੇਣ ਵਾਲੀ ਸੰਸਥਾ ‘ਤੇ ਕਬਜ਼ੇ ਦੀ ਲਾਲਸਾ ਨੇ ਤਪਾਇਆ ਹੋਇਆ ਹੈ ਤਪਾ
ਬਰਨਾਲਾ,15 ਜੂਨ (ਨਿਰਮਲ ਸਿੰਘ ਪੰਡੋਰੀ)-
-ਹੁਣ ਆਮ ਆਦਮੀ ਦੀ ਸਰਕਾਰ ਵਿੱਚ ਵੀ ਸੋਨੇ ਦੇ ਆਂਡੇ ਦੇਣ ਵਾਲੀਆਂ ਸੰਸਥਾਵਾਂ ‘ਤੇ ਕਬਜ਼ਾ ਕਰਨ ਦੀ ਪ੍ਰਵਿਰਤੀ ਭਾਰੂ ਹੁੰਦੀ ਜਾ ਰਹੀ ਹੈ। ਪੰਜਾਬ ‘ਤੇ ਕਈ ਵਰ੍ਹੇ ਰਾਜ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਵਿੱਚੋਂ ਸਿਆਸੀ ਟਪੂਸੀ ਮਾਰ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਆਗੂਆਂ ਨੇ ਆਪਣੇ ਸੁਭਾਅ ਅਨੁਸਾਰ ਆਪਣੇ ਰੰਗ ਢੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ’ਆਪ’ ਵਿੱਚ ਸ਼ਾਮਿਲ ਹੋਏ ਇਹਨਾਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਸੱਤਾਧਾਰੀਆਂ ਨੂੰ ਵੀ ਆਪਣੇ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ ਹੈ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਇਸ ਰੰਗ ਦੇ ਸਿੱਟਿਆਂ ਤੋਂ ਬਚੇ ਨਹੀਂ ਰਹੇ। ਤਪਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਮਾਮਲਾ ਇਸ ਦਾ ਪੁਖ਼ਤਾ ਸਬੂਤ ਹੈ। ਤਪੇ ਦੀ ਟਰੱਕ ਯੂਨੀਅਨ ਦੇ ਪ੍ਰਬੰਧਾਂ ਵਿੱਚ ਸੱਤਾਧਾਰੀਆਂ ਦੇ ਦਖਲ ਨੇ ਤਪੇ ਦੇ ਆਪਰੇਟਰ ਤਪਾਏ ਹੋਏ ਹਨ। ਬੀਤੇ ਕੱਲ੍ਹ ਤਪਾ ਟਰੱਕ ਯੂਨੀਅਨ ਵਿੱਚ ਜੋ ਕੁਝ ਵਾਪਰਿਆ ਉਸ ਤੋਂ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਉਥੇ ਮੰਤਰੀ ਜੀ ਅਤੇ ਵਿਧਾਇਕ ਸਾਹਿਬ ਦੇ ਸਮਰਥਕ ਆਹਮੋ ਸਾਹਮਣੇ ਹਨ ਭਾਵ ਕਿ ਰਵਾਇਤੀ ਪਾਰਟੀਆਂ ਵਾਂਗ ਦੋ-ਦੋ ਗਰੁੱਪ ਬਨਣ ਦਾ ਰਿਵਾਜ “ਆਪ” ‘ਚ ਵੀ ਸ਼ੁਰੂ ਹੋ ਚੱਲਿਆ ਹੈ। ਸੂਤਰਾਂ ਅਨੁਸਾਰ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਮਾਮਲੇ ਵਿੱਚ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਆਗੂ ਆਹਮੋ ਸਾਹਮਣੇ ਹਨ। ਰਵਾਇਤੀ ਪਾਰਟੀਆਂ ‘ਚੋਂ ਟਪੂਸੀ ਮਾਰ ਕੇ ਆਏ ਆਗੂ ਨੂੰ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਕੁਰਸੀ ‘ਤੇ ਬਿਠਾਉਣ ਲਈ ਭਾਵੇਂ ਕਿ ਪੁਲਿਸ ਵੀ ਸਿਆਸੀ ਇਸ਼ਾਰੇ ‘ਤੇ ਹੀ ਕੰਮ ਕਰ ਰਹੀ ਸੀ ਪ੍ਰੰਤੂ ਮਹਿਲਾ ਆਗੂ ਪ੍ਰਧਾਨਗੀ ਦੇ ਮਾਮਲੇ ‘ਚ ਸਥਿਤੀ ਜਿਉਂ ਦੀ ਤਿਉਂ ਰੱਖਣ ‘ਚ ਕਾਮਯਾਬ ਰਹੀ।

ਕੁੱਲ ਮਿਲਾ ਕੇ ਤਪੇ ਦੀ ਟਰੱਕ ਯੂਨੀਅਨ ਦਾ ਮਾਮਲਾ ਕੁੰਡੀਆਂ ਦੇ ਸਿੰਗ ਫਸ ਗਏ ਵਾਲਾ ਬਣਿਆ ਹੋਇਆ ਹੈ ਜਿਸ ਵਿੱਚੋਂ ਕਈ ਵੜੇਵੇਂ ਖਾਣ ਵਾਲਾ ਹੀ ਨਿਤਰੇਗਾ। ਟਰੱਕ ਆਪਰੇਟਰ ਸ਼ਰੇਆਮ ਇਹ ਆਖ ਰਹੇ ਹਨ ਕਿ ਇਹ ਵੜੇਵੇਂ ਕਿਤੇ ਵਿਧਾਇਕ ਲਈ ਕੁੜੱਤਣ ਨਾ ਪੈਦਾ ਕਰ ਦੇਣ, ਇਸ ਲਈ ਇਸ ਸਥਿਤੀ ਨੂੰ ਜਲਦੀ ਅਤੇ ਕੂਟਨੀਤਿਕ ਰਣਨੀਤੀ ਤਹਿਤ ਨਜਿੱਠਣਾ ਹੀ ਵਿਧਾਇਕ ਦੇ ਪੱਖ ਵਿੱਚ ਹੋਵੇਗਾ। ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰਧਾਨਗੀ ‘ਤੇ ਪਹਿਲਾਂ ਤੋਂ ਕਾਬਜ਼ ਗਰੁੱਪ ਮੁੱਖ ਮੰਤਰੀ ਪੰਜਾਬ ਦੀ ਸੱਜੀ ਖੱਬੀ ਬਾਂਹ ਬਲਤੇਜ ਪੰਨੂ ਦੇ ਦਰਬਾਰ ਵਿੱਚ ਪੁੱਜ ਚੁੱਕਾ ਹੈ। ਜਿਸ ਤੋਂ ਬਾਅਦ ਕਾਬਜ਼ ਹੋਣ ਦੀ ਲਾਲਸਾ ਰੱਖਣ ਵਾਲੀ ਨਵੀਂ ਧਿਰ ਦੇ ਸਾਹ ਫੁੱਲੇ ਹੋਏ ਹਨ। ਇੱਥੇ ਇਸ ਗੱਲ ਦਾ ਥੋੜਾ ਜਿਹਾ ਜ਼ਿਕਰ ਕਰਨਾ ਜਰੂਰੀ ਬਣਦਾ ਹੈ ਕਿ ਬਲਤੇਜ ਪੰਨੂ ਨੇ ਬਰਨਾਲਾ ਜ਼ਿਮਨੀ ਚੋਣ ਦੇ ਆਪਣਾ ਦਾਅਵਾ ਠੋਕਿਆ ਹੋਇਆ ਹੈ। ਹੁਣ ਸਥਿਤੀ ਦਿਲਚਸਪ ਬਣੀ ਹੋਈ ਹੈ ਕਿ ਤਪਾ ਟਰੱਕ ਯੂਨੀਅਨ ਦਾ ਊਠ ਕਿਹੜੇ ਪਾਸੇ ਬੈਠੇਗਾ ਪ੍ਰੰਤੂ ਆਪ ਆਗੂਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹਨਾਂ ਮਲਾਈਦਾਰ ਅਹੁਦਿਆਂ ਦੀ ਲਾਲਸਾ ਅਤੇ ਆਪਣੇ ਹੀ ਵਰਕਰਾਂ ਦੇ ਇੱਕ ਪਿੰਡ/ਸ਼ਹਿਰ ਵਿੱਚ ਦੋ-ਦੋ ਗਰੁੱਪ ਬਣਾਉਣ ਦੀ ਨੀਤੀ ਨੇ ਰਵੇਤੀ ਪਾਰਟੀਆਂ ਨੂੰ ਮੌਜੂਦਾ ਹਾਲਤਾਂ ਵਿੱਚ ਪਹੁੰਚਾਇਆ ਹੈ। ਸੱਤਾ ਦੇ ਸਿਖਾਂਦਰੂਆਂ ਨੂੰ ਇਹ ਹਾਲਾਤ ਸਮਝਣੇ ਪੈਣਗੇ ਨਹੀਂ ਤਾਂ ਬੱਕਰੀ ਵਾਲੇ ਰੋਗ ਤੋਂ ਪਠੋਰੇ ਨੂੰ ਬਚਾਉਣਾ ਔਖਾ ਹੋ ਜਾਵੇਗਾ।