ਚੰਡੀਗੜ੍ਹ,6 ਜੂਨ, Gee98 news service
-ਪੰਜਾਬ ਦੀਆਂ ਲੋਕ ਸਭਾ ਚੋਣਾਂ ‘ਚ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਇਸ ਵੇਲੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਅੰਮ੍ਰਿਤਪਾਲ ਸਿੰਘ ਨੇ ਇਹ ਚੋਣ ਜੇਲ੍ਹ ਵਿੱਚੋਂ ਹੀ ਲੜੀ ਹੈ। ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਆਮ ਲੋਕਾਂ ਦੇ ਮਨ ਵਿੱਚ ਕਈ ਸਵਾਲ ਹਨ ਕਿ ਅੰਮ੍ਰਿਤਪਾਲ ਸਿੰਘ ਲੋਕ ਸਭਾ ਵਿੱਚ ਪੁੱਜ ਕੇ ਕਿਵੇਂ ਸਹੁੰ ਚੁੱਕੇਗਾ ? ਕੀ ਅੰਮ੍ਰਿਤਪਾਲ ਸਿੰਘ ਸੰਸਦ ਦੀ ਕਾਰਵਾਈ ਵਿੱਚ ਹਿੱਸਾ ਲੈ ਸਕੇਗਾ ? ਬਤੌਰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਆਪਣੀ ਡਿਊਟੀ ਕਿਵੇਂ ਨਿਭਾਏਗਾ ? ਜਿੱਥੋਂ ਤੱਕ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਸਵਾਲ ਹੈ ਤਾਂ ਅਜਿਹੀਆਂ ਪਹਿਲਾਂ ਵੀ ਕੁਝ ਉਦਾਹਰਨਾਂ ਹਨ ਜਦੋਂ ਜੇਲ੍ਹ ‘ਚ ਬੰਦ ਉਮੀਦਵਾਰ ਨੂੰ ਸਹੁੰ ਚੁੱਕਣ ਲਈ ਪੈਰੋਲ ਮਿਲੀ ਹੈ। ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਨੂੰ ਵੀ ਆਰਜੀ ਤੌਰ ‘ਤੇ ਰਿਹਾਈ ਮਿਲ ਸਕਦੀ ਹੈ। ਨਿਯਮਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲੈ ਕੇ ਜਾਇਆ ਜਾਵੇਗਾ। ਅੰਮ੍ਰਿਤਪਾਲ ਸਿੰਘ ਵੱਲੋਂ ਸਹੁੰ ਚੁੱਕਣ ਸਬੰਧੀ ਉਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਜਿਸ ਵੇਲੇ ਭਾਈ ਅਤਿੰਦਰਪਾਲ ਸਿੰਘ ਖਾਲਸਾ ਤੇ ਬੀਬੀ ਬਿਮਲ ਕੌਰ ਖਾਲਸਾ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ, ਉਸ ਵੇਲੇ ਉਹ ਜੇਲ੍ਹ ਵਿੱਚ ਸਨ ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸੰਸਦ ਵਿੱਚ ਲਿਜਾ ਕੇ ਸਹੁੰ ਚੁਕਾਈ ਗਈ ਸੀ। ਸਰਦਾਰ ਖਾਲਸਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਸਬੰਧੀ ਕੋਈ ਕਾਨੂੰਨੀ ਅੜਿੱਚਣ ਨਹੀਂ ਹੈ ਉਹ ਬਕਾਇਦਾ ਸੰਸਦ ਵਿੱਚ ਜਾ ਕੇ ਹੀ ਸਹੁੰ ਚੁੱਕਣਗੇ। ਇੱਥੇ ਇਹ ਵੀ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਰਾਜਸਭਾ ਮੈਂਬਰ ਚੁਣੇ ਗਏ ਸਨ ਤਾਂ ਉਸ ਵੇਲੇ ਸੰਜੇ ਸਿੰਘ ਜੇਲ੍ਹ ਵਿੱਚ ਬੰਦ ਸਨ ਜਿਨਾਂ ਨੂੰ ਅਦਾਲਤ ਦੇ ਹੁਕਮਾਂ ‘ਤੇ ਰਾਜ ਸਭਾ ਲਿਜਾ ਕੇ ਸਹੁੰ ਚੁਕਾਈ ਗਈ ਸੀ। ਜਿੱਥੋਂ ਤੱਕ ਅੰਮ੍ਰਿਤਪਾਲ ਸਿੰਘ ਦੇ ਬਤੌਰ ਸੰਸਦ ਮੈਂਬਰ ਆਪਣੀ ਡਿਊਟੀ ਨਿਭਾਉਣ ਸਬੰਧੀ ਸਵਾਲ ਹਨ ਤਾਂ ਇਸ ਸਬੰਧੀ ਕਈ ਤਰੀਕੇ ਹਨ ਜਿਨਾਂ ਦੀ ਮਦਦ ਨਾਲ ਆਨਲਾਈਨ ਮੀਟਿੰਗਾਂ ਵੀ ਕੀਤੀਆਂ ਜਾ ਸਕਦੀਆਂ ਹਨ ਅਤੇ ਫੈਸਲੇ ਲਏ ਜਾ ਸਕਦੇ ਹਨ। ਜੇਲ੍ਹ ‘ਚ ਬੈਠੇ ਵਿਧਾਇਕ ਜਾਂ ਸੰਸਦ ਮੈਂਬਰ ਆਪਣੀ ਪਾਰਟੀ ਦੇ ਸੀਨੀਅਰ ਮੈਂਬਰਾਂ, ਕਾਨੂੰਨੀ ਟੀਮ ਅਤੇ ਪਰਿਵਾਰਿਕ ਮੈਂਬਰਾਂ ਰਾਹੀਂ ਸਮੱਸਿਆਵਾਂ ਨੂੰ ਸੁਣ ਤੇ ਸਮਝ ਸਕਦੇ ਹਨ ਪਰ ਉਹ ਆਮ ਲੋਕਾਂ ਨਾਲ ਸਿੱਧਾ ਸੰਪਰਕ ਨਹੀਂ ਕਰ ਸਕਦੇ। ਅੰਮ੍ਰਿਤਪਾਲ ਸਿੰਘ ਵਾਂਗ ਜੇਲ੍ਹ ਵਿੱਚ ਬੰਦ ਵਿਚਾਰ ਅਧੀਨ ਹਵਾਲਾਤੀ ਜੇਕਰ ਵਿਧਾਇਕ ਜਾਂ ਸੰਸਦ ਚੁਣਿਆ ਜਾਵੇ ਤਾਂ ਉਸ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵੀ ਮਹੱਤਵਪੂਰਨ ਨਿਯਮ ਬਣੇ ਹੋਏ ਹਨ। ਇਹਨਾਂ ਨਿਯਮਾਂ ਮੁਤਾਬਕ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਦੋਸ਼ੀ ਮੰਨਿਆ ਜਾਂਦਾ ਹੈ ਤਾਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ। ਨਿਯਮਾਂ ਮੁਤਾਬਕ ਦੋਸ਼ੀ ਠਹਿਰਾਏ ਗਏ ਸੰਸਦ ਮੈਂਬਰਾਂ ਨੂੰ ਆਪਣੀ ਸਜ਼ਾ ਖਿਲਾਫ਼ ਅਪੀਲ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਵੀ ਮਿਲਦਾ ਹੈ। ਜੇਕਰ ਅੰਮ੍ਰਿਤਪਾਲ ਸਿੰਘ ਆਪਣੇ ਉੱਪਰ ਲੱਗੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਏ ਜਾਂਦੇ ਹਨ ਤਾਂ ਆਪਣੇ ਉੱਪਰ ਲੱਗੇ ਦੋਸ਼ਾਂ ਦੀ ਗੰਭੀਰਤਾ ਦੇ ਕਾਰਨ ਉਹਨਾਂ ਨੂੰ ਆਪਣੀ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣਾ ਪਵੇਗਾ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ‘ਚ ਇੱਕ ਅਹਿਮ ਪੱਖ ਇਹ ਵੀ ਹੈ ਕਿ ਉਹਨਾਂ ਦੇ ਕੇਸ ਦੀ ਅਜੇ ਕਿਧਰੇ ਸੁਣਵਾਈ ਹੀ ਸ਼ੁਰੂ ਨਹੀਂ ਹੋਈ। ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਇੱਕ ਸਾਲ ਲਈ NSA ਤਹਿਤ ਜੇਲ੍ਹ ‘ਚ ਬੰਦ ਕੀਤਾ ਗਿਆ ਸੀ ਅਤੇ ਫਿਰ ਇਸ ਨੂੰ ਦੁਬਾਰਾ ਵਧਾ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਲੜਨ ਦੇ ਫੈਸਲੇ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਨੈਤਿਕਤਾ ਦੇ ਆਧਾਰ ‘ਤੇ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ ਕਿਉਂਕਿ ਲੱਖਾਂ ਲੋਕਾਂ ਨੇ ਉਹਨਾਂ ਖ਼ਿਲਾਫ਼ NSA ਲਗਾਉਣ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਉਹਨਾਂ ਦੇ ਹੱਕ ਵਿੱਚ ਫਤਵਾ ਦਿੱਤਾ ਹੈ।