ਬਰਨਾਲਾ,1 ਜੂਨ (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਖ਼ਿਆਲੀ ਦੇ ਲੋਕਾਂ ਨੇ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਪੈਦਾ ਕਰਦੇ ਹੋਏ ਲੋਕ ਸਭਾ ਚੋਣਾਂ ਦੌਰਾਨ ਪੋਲਿੰਗ ਸਟੇਸ਼ਨ ਦੇ ਨੇੜੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਪੋਲਿੰਗ ਬੂਥ ਨਹੀਂ ਲਗਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਗਮਦੂਰ ਸਿੰਘ, ਨੌਜਵਾਨ ਸਮਾਜ ਸੇਵੀ ਮਨਦੀਪ ਸ਼ਰਮਾ, ਕੁਲਵੰਤ ਸਿੰਘ ਚਹਿਲ ਤੇ ਲੱਖਾ ਸਿੰਘ ਖ਼ਿਆਲੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਇਕੱਠ ਕਰਕੇ ਫੈਸਲਾ ਕੀਤਾ ਕਿ ਪੋਲਿੰਗ ਸਟੇਸ਼ਨ ਦੇ ਨੇੜੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਪੋਲਿੰਗ ਬਹੁਤ ਨਹੀਂ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਬੂਥ ਲੈਵਲ ਅਫਸਰਾਂ ਨੇ ਘਰਾਂ ਦੇ ਵਿੱਚ ਵੋਟ ਪਰਚੀਆਂ ਵੰਡ ਦਿੱਤੀਆਂ ਹਨ, ਵੋਟਰ ਆਪਣੇ ਘਰਾਂ ਤੋਂ ਪੋਲਿੰਗ ਸਟੇਸ਼ਨ ‘ਤੇ ਜਾਣਗੇ ਅਤੇ ਵੋਟ ਪਾ ਕੇ ਵਾਪਸ ਆ ਜਾਣਗੇ। ਉਹਨਾਂ ਕਿਹਾ ਕਿ ਕਈ ਵਾਰ ਪੋਲਿੰਗ ਬੂਥਾਂ ਕਾਰਨ ਹੀ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ। ਜੇਕਰ ਕੋਈ ਵੋਟਰ ਕਿਸੇ ਜਾਣ ਪਹਿਚਾਣ ਦੇ ਵਿਅਕਤੀ ਕੋਲ ਕਿਸੇ ਪਾਰਟੀ ਦੇ ਪੋਲਿੰਗ ਬੂਥ ‘ਤੇ ਖੜ ਜਾਵੇ ਤਾਂ ਦੂਜੀ ਪਾਰਟੀ ਵਾਲੇ ਬੰਦੇ ਇਤਰਾਜ਼ ਕਰਦੇ ਹਨ ਅਤੇ ਕੁਝ ਬੰਦੇ ਇਹ ਮੰਨ ਲੈਂਦੇ ਹਨ ਕਿ ਤੂੰ ਫਲਾਣੇ ਦੇ ਪੋਲਿੰਗ ਬੂਥ ‘ਤੇ ਖੜਾ ਸੀ ਤੂੰ ਉਸੇ ਪਾਰਟੀ ਨੂੰ ਵੋਟ ਪਾਈ ਹੈ। ਉਹਨਾਂ ਕਿਹਾ ਕਿ ਅਜਿਹਾ ਇਤਰਾਜ਼ ਕਈ ਵਾਰੀ ਸਾਰੀ ਉਮਰ ਮਨਾਂ ਵਿੱਚ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਵੋਟ ਆਪਣੀ ਮਰਜ਼ੀ ਅਨੁਸਾਰ ਪਾਉਣਾ ਹਰ ਇੱਕ ਵੋਟਰ ਦਾ ਅਧਿਕਾਰ ਹੈ। ਇਸ ਲਈ ਕਿਸੇ ਵੀ ਵੋਟਰ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੀਦਾ ਜੋ ਕਾਨੂੰਨ ਅਨੁਸਾਰ ਜੁਰਮ ਵੀ ਹੈ। ਪਿੰਡ ਖਿਆਲੀ ਦੇ ਲੋਕਾਂ ਦੀ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਪੂਨਮਦੀਪ ਕੌਰ ਅਤੇ ਐਸਡੀਐਮ ਮਹਿਲ ਕਲਾਂ/ਏਆਰਓ ਸਤਵੰਤ ਸਿੰਘ ਨੇ ਕਿਹਾ ਕਿ ਲੋਕਾਂ ਦੀ ਭਾਈਚਾਰਕ ਏਕਤਾ ਦੀ ਇਹ ਮਿਸਾਲ ਪਿੰਡਾਂ ਵਿੱਚ ਨਵੀਂ ਪਿਰਤ ਪਾਵੇਗੀ। ਇਸ ਮੌਕੇ ਲਖਬੀਰ ਸਿੰਘ, ਮਨਦੀਪ ਸਿੰਘ, ਕੁਲਵੰਤ ਸਿੰਘ, ਡਾਕਟਰ ਭੋਲਾ ਸਿੰਘ, ਸਚਨਪ੍ਰੀਤ ਸਿੰਘ ਪ੍ਰਧਾਨ ਬਾਬਾ ਫਤਿਹ ਸਿੰਘ ਕਲੱਬ, ਸੁਖਵਿੰਦਰ ਸਿੰਘ ਡਾਕਟਰ, ਗੁਰਮੀਤ ਸਿੰਘ, ਸੁਖਦੇਵ ਸਿੰਘ ਮਿੱਠੀ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ ਮਿੱਠੂ, ਦਲਜੀਤ ਸਿੰਘ, ਬੱਬੂ ਖਿਆਲੀ, ਮਦਨ ਮੋਹਨ ਸ਼ਰਮਾ ਆਦਿ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ-ਪਿੰਡ ਖਿਆਲੀ ਦੇ ਪੋਲਿੰਗ ਸਟੇਸ਼ਨ ਦੀ ਤਸਵੀਰ