ਚੰਡੀਗੜ੍ਹ, 31 ਮਈ, Gee98 news service
-ਸ਼ਰਾਬ ਦੇ ਸ਼ੌਕੀਨਾਂ ਨੇ ਜਦ ਠੇਕੇਦਾਰਾਂ ਵੱਲੋਂ ਵੱਧ ਰੇਟ ‘ਤੇ ਸ਼ਰਾਬ ਵੇਚੇ ਜਾਣ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਕੀਤੀ ਤਾਂ ਵੱਡੇ ਸਾਹਿਬ ਖੁਦ ਸ਼ਰਾਬ ਖਰੀਦਣ ਲਈ ਠੇਕੇ ‘ਤੇ ਪੁੱਜ ਗਏ। ਸ਼ਿਕਾਇਤਾਂ ਮਿਲਣ ਤੋਂ ਬਾਅਦ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਆਪਣੀ ਟੀਮ ਸਮੇਤ ਸ਼ਰਾਬ ਦੇ ਇੱਕ ਠੇਕੇ ਤੋਂ ਵਧੀਆ ਅੰਗਰੇਜ਼ੀ ਸ਼ਰਾਬ ਦੀ ਬੋਤਲ ਖਰੀਦੀ, ਡੀਸੀ ਨੇ ਦੇਖਿਆ ਕਿ ਬੋਤਲ ‘ਤੇ ਰੇਟ 531 ਲਿਖਿਆ ਸੀ ਪਰੰਤੂ ਸ਼ਰਾਬ ਦੇ ਕਰਿੰਦੇ ਨੇ 900 ਮੰਗੇ ਜਦ ਡੀਸੀ ਨੇ ਕਿਹਾ ਕਿ ਰੇਟ 531 ਲਿਖਿਆ ਹੈ ਤਾਂ ਤੁਸੀਂ 900 ਕਿਉਂ ਮੰਗ ਰਹੇ ਹੋ ਇਸ ਦੇ ਬਾਵਜੂਦ ਵੀ ਕਰਿੰਦੇ ਨੇ ਡੀਸੀ ਤੋਂ ਪੂਰੇ 900 ਰੁਪਏ ਹੀ ਲਏ। ਜਦੋਂ ਡੀਸੀ ਦੇ ਡਰਾਈਵਰ ਨੇ ਕਾਰਿੰਦੇ ਨੂੰ ਦੱਸਿਆ ਕਿ “ਇਹ ਡੀਸੀ ਸਾਹਿਬ ਨੇ” ਤਾਂ ਕਰਿੰਦੇ ਨੇ 900 ਰੁਪਏ ਵਿੱਚੋਂ 50 ਰੁਪਏ ਵਾਪਸ ਮੋੜਨੇ ਚਾਹੇ ਪ੍ਰੰਤੂ ਡੀਸੀ ਨੇ ਉਹ ਵੀ ਨਹੀਂ ਲਏ ਅਤੇ 900 ਦੀ ਬੋਤਲ ਖਰੀਦ ਕੇ ਵਾਪਸ ਆ ਗਏ। ਇਸ ਤੋਂ ਬਾਅਦ ਡੀਸੀ ਸਾਹਿਬ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸਿਰਫ 700 ਮੀਟਰ ਦੀ ਦੂਰੀ ‘ਤੇ ਇੱਕ ਹੋਰ ਠੇਕੇ ‘ਤੇ ਗਏ ਅਤੇ ਉੱਥੇ ਜਾ ਕੇ ਵੀ ਉਹਨਾਂ ਨੇ ਸ਼ਰਾਬ ਦੀ ਉਹੀ ਬੋਤਲ ਖਰੀਦੀ ਤਾਂ ਕਰਿੰਦੇ ਨੇ 850 ਰੇਟ ਮੰਗਿਆ ਜਦ ਡੀਸੀ ਨੇ ਕਿਹਾ ਕਿ ਇਸ ਉੱਪਰ ਤਾਂ 531 ਲਿਖੇ ਹੋਏ ਨੇ ਪ੍ਰੰਤੂ ਉਥੇ ਵੀ ਕਰਿੰਦੇ ਨੇ 850 ਹੀ ਲਏ ਜਿਸ ਤੋਂ ਬਾਅਦ ਡੀਸੀ 850 ਦੀ ਬੋਤਲ ਖਰੀਦ ਕੇ ਵਾਪਸ ਆ ਗਏ। ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਬਹੁਤ ਵੱਧ ਰੇਟ ‘ਤੇ ਸ਼ਰਾਬ ਵੇਚੇ ਜਾਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਸਟਿੰਗ ਆਪਰੇਸ਼ਨ ਕੀਤਾ ਪਰੰਤੂ ਹੁਣ ਵੇਖਣਾ ਹੋਵੇਗਾ ਕਿ ਡੀਸੀ ਸਾਹਿਬ ਇਸ ਮਾਮਲੇ ਵਿੱਚ ਅਗਲੀ ਕੀ ਕਾਰਵਾਈ ਕਰਦੇ ਹਨ। ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਈਟੀਓ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸ਼ਰਾਬ ਦੇ ਬੋਤਲ ਉੱਪਰ MRP ਨਹੀਂ ਸਗੋਂ MSP ਲਿਖਿਆ ਹੁੰਦਾ ਹੈ ਭਾਵ “ਮਿਨੀਮਮ ਸੇਲ ਪ੍ਰਾਈਸ” ਜਿਸ ਤੋਂ ਘੱਟ ਸ਼ਰਾਬ ਨਹੀਂ ਵੇਚੀ ਜਾ ਸਕਦੀ। ਉਹਨਾਂ ਕਿਹਾ ਕਿ ਜੇਕਰ ਸ਼ਰਾਬ ਦੀ ਬੋਤਲ ਦਾ ਰੇਟ 531 ਹੈ ਤਾਂ 531 ਰੁਪਏ ਤੋਂ ਘੱਟ ਨਹੀਂ ਵੇਚੀ ਜਾ ਸਕਦੀ ਸਗੋਂ ਵੱਧ ਵੇਚੀ ਜਾ ਸਕਦੀ ਹੈ। ਈਟੀਓ ਨੇ ਕਿਹਾ ਕਿ ਜੇਕਰ ਸ਼ਰਾਬ ਮਹਿੰਗੀ ਵਿਕੇਗੀ ਤਾਂ ਲੋਕ ਘੱਟ ਪੀਣਗੇ ਅਤੇ ਜੇਕਰ ਸਸਤੀ ਵਿਕੇਗੀ ਤਾਂ ਲੋਕ ਸ਼ਰਾਬ ਜ਼ਿਆਦਾ ਪੀਣਗੇ। ਈਟੀਓ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਦੀ ਇੱਕ ਪੇਟੀ ਖਰੀਦਦੇ ਹੋਏ ਫੜਿਆ ਜਾਵੇ ਜਾਂ ਕੋਈ ਜਾਣਕਾਰੀ ਮਿਲੇ ਤਾਂ ਉਸ ਸਬੰਧੀ ਠੇਕੇਦਾਰਾਂ ‘ਤੇ ਕਾਰਵਾਈ ਕਰਨ ਦੇ ਨਿਯਮ ਵੀ ਹਨ ਪ੍ਰੰਤੂ ਜੇਕਰ ਵਿਆਹ ਅਤੇ ਹੋਰ ਸਮਾਗਮਾਂ ਮੌਕੇ ਪਰਮਿਟ ਬਣਿਆ ਹੋਵੇ ਤਾਂ ਸ਼ਰਾਬ ਦੀ ਪੇਟੀ ਵੀ ਖਰੀਦੀ ਜਾ ਸਕਦੀ ਹੈ। ਬਹਰਹਾਲ ! ਡੀਸੀ ਵੱਲੋਂ ਖੁਦ ਕੀਤੇ ਸਟਿੰਗ ਆਪਰੇਸ਼ਨ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਨਵਾਂਸ਼ਹਿਰ ਵਿੱਚ ਵੱਧ ਰੇਟ ‘ਤੇ ਸ਼ਰਾਬ ਵਿਕਣ ਸਬੰਧੀ ਡੀਸੀ ਦੀ ਅਗਲੀ ਕੀ ਕਾਰਵਾਈ ਹੋਵੇਗੀ।
ਫੋਟੋ ਕੈਪਸ਼ਨ-ਡੀਸੀ ਦੇ ਸਟਿੰਗ ਆਪਰੇਸ਼ਨ ਨਾਲ ਸੰਬੰਧਿਤ ਤਸਵੀਰਾਂ
