ਚੰਡੀਗੜ੍ਹ,19 ਅਪ੍ਰੈਲ, Gee98 news service
-ਇਸ਼ਕ ਵਿੱਚ ਅੰਨ੍ਹੀ ਪਤਨੀ ਨੇ ਆਪਣੇ ਹੀ ਪਤੀ ਨੂੰ ਆਪਣੇ ਪ੍ਰੇਮੀ ਨਾਲ ਮਿਲ ਕੇ ਕੋਹ ਕੋਹ ਕੇ ਮਾਰ ਦਿੱਤਾ। ਇਹ ਦਰਦਨਾਕ ਘਟਨਾ ਮੁਕਤਸਰ ਜ਼ਿਲ੍ਹੇ ਦੇ ਪਿੰਡ ਆਲਮਵਾਲਾ ਨਾਲ ਸੰਬੰਧਿਤ ਹੈ ਜਿੱਥੇ ਇੱਕ ਔਰਤ ਕੁਲਦੀਪ ਕੌਰ ਨੇ ਆਪਣੇ ਪ੍ਰੇਮੀ ਜਗਮੀਤ ਸਿੰਘ ਵਾਸੀ ਪਿੰਡ ਢੀਮਾਂਵਾਲਾ ਜ਼ਿਲ੍ਹਾ ਫਾਜ਼ਿਲਕਾ ਨਾਲ ਮਿਲ ਕੇ ਆਪਣੇ ਪਤੀ ਜਸਕੌਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਇਹ ਦੋਵੇਂ ਪ੍ਰੇਮੀ ਜਸਕੌਰ ਸਿੰਘ ਨੂੰ ਆਪਣੇ ਰਾਹ ਦਾ ਰੋੜਾ ਸਮਝਦੇ ਸਨ। ਦੋਸ਼ੀ ਪਤਨੀ ਕੁਲਦੀਪ ਕੌਰ ਨੇ ਪਹਿਲਾਂ ਆਪਣੇ ਪਤਨੀ ਨੂੰ ਕੋਈ ਨਸ਼ੀਲਾ ਪਦਾਰਥ ਖਵਾਇਆ ਤੇ ਫਿਰ ਸਿਰਹਾਣੇ ਨਾਲ ਉਸ ਦਾ ਮੂੰਹ ਦਬਾ ਕੇ ਉਸ ਦਾ ਦਮ ਘੁੱਟ ਦਿੱਤਾ ਜਿਸ ਨਾਲ ਉਸਦੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਇਸ ਲਈ ਮ੍ਰਿਤਕ ਨੂੰ ਉਲਟਾ ਲਿਟਾ ਦਿੱਤਾ ਗਿਆ ਤੇ ਉਸ ਦੇ ਨੇੜੇ ਇੱਕ ਟੀਕਾ ਰੱਖ ਦਿੱਤਾ ਤਾਂ ਜੋ ਹਰ ਕਿਸੇ ਨੂੰ ਇਹ ਲੱਗੇ ਕਿ ਜਸਕੌਰ ਸਿੰਘ ਦੀ ਮੌਤ ਨਸ਼ੇ ਕਾਰਨ ਹੋਈ ਹੈ ਪ੍ਰੰਤੂ ਜਸਕੌਰ ਸਿੰਘ ਦਾ ਸਿਰਹਾਣੇ ਨਾਲ ਮੂੰਹ ਦੱਬਣ ਤੋਂ ਬਾਅਦ ਦਮ ਘੁੱਟਣ ਕਾਰਨ ਉਸ ਦੇ ਕੰਨਾਂ ਵਿੱਚੋਂ ਖ਼ੂਨ ਨਿਕਲਿਆ ਹੋਇਆ ਸੀ ਜਿਸ ਕਾਰਨ ਦੋਸ਼ੀਆਂ ਨੇ ਉਸਦੇ ਕੱਪੜੇ ਬਦਲੇ ਤੇ ਉਸ ਦੀ ਮ੍ਰਿਤਕ ਦੇਹ ਨੂੰ ਨਹਿਰ ‘ਚ ਸੁੱਟ ਦਿੱਤਾ। ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਭਾਗੀਰਥ ਮੀਨਾ ਨੇ ਦੱਸਿਆ ਕਿ ਦੋਸ਼ੀ ਔਰਤ ਕੁਲਦੀਪ ਕੌਰ ਤੇ ਉਸਦੇ ਪ੍ਰੇਮੀ ਜਗਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸਐਸਪੀ ਨੇ ਦੱਸਿਆ ਕਿ ਜਸਕੌਰ ਸਿੰਘ ਉਰਫ ਸੋਨੀ ਵਾਸੀ ਆਲਮਵਾਲਾ ਦੀ ਲਾਸ਼ 17 ਅਪ੍ਰੈਲ ਨੂੰ ਮਿਲੀ ਸੀ ਜਿਸ ਤੋਂ ਬਾਅਦ ਮ੍ਰਿਤਕ ਦੀ ਭੈਣ ਕਿਰਨਦੀਪ ਕੌਰ ਦੇ ਬਿਆਨਾਂ ਦੇ ਆਧਾਰ ‘ਤੇ 174 ਤਹਿਤ ਕਾਰਵਾਈ ਕੀਤੀ ਗਈ ਸੀ ਪ੍ਰੰਤੂ ਬਾਅਦ ਵਿੱਚ ਮ੍ਰਿਤਕ ਦੀ ਭੈਣ ਨੇ ਬਿਆਨ ਦਿੱਤਾ ਕਿ ਉਸ ਦੇ ਭਰਾ ਦਾ ਕਤਲ ਉਸ ਦੀ ਪਤਨੀ ਨੇ ਹੀ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਹੈ। ਮ੍ਰਿਤਕ ਜਸਕੌਰ ਸਿੰਘ ਦੀ ਭੈਣ ਦੇ ਬਿਆਨਾਂ ਤੋਂ ਬਾਅਦ ਪੁਲਿਸ ਨੇ ਕੁਲਦੀਪ ਕੌਰ ਤੇ ਜਗਮੀਤ ਸਿੰਘ ਦੇ ਖ਼ਿਲਾਫ਼ ਥਾਣਾ ਕਬਰਵਾਲਾ ‘ਚ ਆਈਪੀਸੀ ਦੀ ਧਾਰਾ 302, 34 ਤਹਿਤ ਕੇਸ ਦਰਜ ਕੀਤਾ ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤੀ ਨਾਲ ਪੜ੍ਹਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਕੁਲਦੀਪ ਕੌਰ ਦੇ ਜਗਮੀਤ ਸਿੰਘ ਨਾਲ ਨਜਾਇਜ਼ ਸਬੰਧ ਸਨ ਤੇ ਉਹ ਜਸਕੌਰ ਨੂੰ ਆਪਣੇ ਰਾਹ ਦਾ ਰੋੜਾ ਸਮਝਦੇ ਸਨ। ਦੋਸ਼ੀ ਪ੍ਰੇਮੀ ਜਗਮੀਤ ਸਿੰਘ ਦੀ ਮ੍ਰਿਤਕ ਜਸਕੌਰ ਸਿੰਘ ਨਾਲ ਦੋ ਮਹੀਨੇ ਪਹਿਲਾਂ ਹੀ ਦੋਸਤੀ ਹੋਈ ਸੀ ਇਸੇ ਦੋ ਮਹੀਨਿਆਂ ਦੌਰਾਨ ਹੀ ਕੁਲਦੀਪ ਕੌਰ ਤੇ ਜਗਮੀਤ ਸਿੰਘ ਵਿਚਕਾਰ ਨਜਾਇਜ਼ ਸਬੰਧ ਬਣ ਗਏ ਅਤੇ ਇਹਨਾਂ ਨਜਾਇਜ਼ ਸਬੰਧਾਂ ਦੀ ਬਦੌਲਤ ਇਸ਼ਕ ਵਿੱਚ ਅੰਨ੍ਹੀ ਔਰਤ ਨੇ ਆਪਣੇ ਹੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਕਤਲ ਦੀ ਇਸ ਗੁੱਥੀ ਨੂੰ 24 ਘੰਟਿਆਂ ਚ ਹੱਲ ਕੀਤਾ ਹੈ।