ਚੰਡੀਗੜ੍ਹ,10 ਅਪ੍ਰੈਲ, Gee98 news service
-ਦੇਸ਼ ਦੇ IPS ਅਫਸਰਾਂ ਦੀ ਅਮੀਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਖੇਤਰ ਵਿੱਚ ਪੰਜਾਬ ਦੇ ਇੱਕ ਗੱਭਰੂ ਦਾ ਨਾਮ ਸਭ ਤੋਂ ਉਪਰ ਹੈ। ਪੰਜਾਬ ਦੇ ਇਸ IPS ਅਫ਼ਸਰ ਦੀ ਕੁੱਲ ਜਾਇਦਾਦ ਦਾ ਇੱਕ ਦਿਲਚਸਪ ਪੱਖ ਇਹ ਵੀ ਹੈ ਕਿ ਉਹਨਾਂ ਦੀ ਕਰੋੜਾਂ ਦੀ ਜਾਇਦਾਦ ਵਿੱਚੋਂ ਬਹੁਹੀ ਜਾਇਦਾਦ ਜੱਦੀ ਪੁਸ਼ਤੀ ਹੈ। ਪੰਜਾਬ ਕਾਡਰ ਦੇ IPS ਅਧਿਕਾਰੀ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਦੇਸ਼ ਦੇ IPS ਅਫ਼ਸਰਾਂ ਵਿੱਚੋਂ ਸਭ ਤੋਂ ਅਮੀਰ ਹਨ। ਗੁਰਪ੍ਰੀਤ ਸਿੰਘ ਭੁੱਲਰ ਨੇ 2016 ਵਿੱਚ 152 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ। ਜਿਸ ਵਿੱਚ ਉਨ੍ਹਾਂ ਦੇ ਅੱਠ ਮਕਾਨ, ਚਾਰ ਖੇਤੀਬਾੜੀ ਅਤੇ ਤਿੰਨ ਵਪਾਰਕ ਪਲਾਟਾਂ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕੋਲ 85 ਲੱਖ ਰੁਪਏ ਦੀ ਵਪਾਰਕ ਜਾਇਦਾਦ ਅਤੇ ਸੈਨਿਕ ਫਾਰਮ, ਦਿੱਲੀ ਵਿੱਚ 1500 ਵਰਗ ਗਜ਼ ਦਾ ਖਾਲੀ ਪਲਾਟ ਵੀ ਹੈ। ਇਸ ਤੋਂ ਇਲਾਵਾ ਮੁਹਾਲੀ ਦੇ ਇੱਕ ਪਿੰਡ ਵਿੱਚ ਉਨ੍ਹਾਂ ਦੀ 45 ਕਰੋੜ ਰੁਪਏ ਦੀ ਜ਼ਮੀਨ ਵੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਜ਼ਿਆਦਾਤਰ ਜੱਦੀ ਜਾਇਦਾਦ ਦੇ ਮਾਲਕ ਹਨ। ਜਿਸ ਵੇਲੇ ਗੁਰਪ੍ਰੀਤ ਸਿੰਘ ਭੁੱਲਰ ਨੇ 2016 ਵਿੱਚ ਆਪਣੀ ਕੁੱਲ ਜਾਇਦਾਦ ਬਾਰੇ ਜਾਣਕਾਰੀ ਦਿੱਤੀ ਸੀ ਉਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਸਿੰਘ ਦੀ ਕੁੱਲ ਜਾਇਦਾਦ 48 ਕਰੋੜ ਰੁਪਏ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਕੁੱਲ ਜਾਇਦਾਦ 102 ਕਰੋੜ ਰੁਪਏ ਸੀ। IPS ਗੁਰਪ੍ਰੀਤ ਸਿੰਘ ਭੁੱਲਰ ਨੇ ਆਈਜੀ ਦੇ ਅਹੁਦੇ ‘ਤੇ ਪਦਉੱਨਤ ਹੋਣ ਤੋਂ ਪਹਿਲਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਨ੍ਹਾਂ ਦਾ ਸਭ ਤੋਂ ਲੰਬਾ ਕਾਰਜਕਾਲ ਮੋਹਾਲੀ ਦੇ ਐੱਸਐੱਸਪੀ ‘ਤੇ ਤੌਰ ਤੇ ਰਿਹਾ। ਉਹ 2009 ਤੋਂ 2013 ਅਤੇ 2015 ਤੋਂ ਅਗਸਤ 2016 ਤੱਕ ਮੁਹਾਲੀ ਦੇ ਐਸਐਸਪੀ ਰਹੇ। ਗੁਰਪ੍ਰੀਤ ਸਿੰਘ ਭੁੱਲਰ 2004 ਬੈਚ ਦੇ IPS ਅਧਿਕਾਰੀ ਹਨ। ਉਨ੍ਹਾਂ ਨੇ ਬੀਏ ਆਨਰਜ਼ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੇ ਦਾਦਾ ਗੁਰਦਿਆਲ ਸਿੰਘ ਭੁੱਲਰ ਵੀ IPS ਅਧਿਕਾਰੀ ਸਨ ਅਤੇ ਆਪਣੀਆਂ ਸੇਵਾਵਾਂ ਦੌਰਾਨ ਜਲੰਧਰ ਵਿੱਚ ਤਾਇਨਾਤ ਸਨ। ਗੁਰਦਿਆਲ ਸਿੰਘ ਭੁੱਲਰ 1957 ਤੋਂ 1960 ਦਰਮਿਆਨ ਜਲੰਧਰ ਦੇ ਐੱਸਐੱਸਪੀ ਸਨ। ਦਸਤਾਵੇਜ਼ਾਂ ਅਨੁਸਾਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਭ ਤੋਂ ਮਹਿੰਗੀ ਜਾਇਦਾਦ 45 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ, ਜੋ ਮੋਹਾਲੀ ਦੇ ਇੱਕ ਪਿੰਡ ਵਿੱਚ ਵਾਹੀਯੋਗ ਜ਼ਮੀਨ ਦੇ ਰੂਪ ਵਿੱਚ ਹੈ। ਆਪਣੀ ਅਚੱਲ ਜਾਇਦਾਦ ਰਿਟਰਨ (IPRs) ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਇਹਨਾਂ ਵਿੱਚੋਂ ਬਹੁਤੀਆਂ ਜਾਇਦਾਦਾਂ ਵਿਰਾਸਤ ਵਿੱਚ ਮਿਲੀਆਂ ਹਨ ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਸਰੋਤ ਵਜੋਂ ਦਾਦਾ-ਦਾਦੀ ਦੀਆਂ ਜੱਦੀ ਜਾਇਦਾਦਾਂ ਦਾ ਜ਼ਿਕਰ ਕੀਤਾ ਹੈ।