ਚੰਡੀਗੜ੍ਹ,1 ਅਪ੍ਰੈਲ, Gee98 news service
-ਚੰਡੀਗੜ੍ਹ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਬਾਰਡਰ ਪਾਰੋਂ ਹੈਰੋਇਨ ਦੀ ਤਸਕਰੀ ਕਰਨ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ’ਚ ਮੋਹਾਲੀ ਸਥਿਤ ਪੰਜਾਬੀ ਮਿਊਜ਼ਿਕ ਕੰਪਨੀ ਬਿੱਗ ਬਾਇਜ਼ ਦੇ ਮਾਲਕ ਵਿਕਰਮਜੀਤ ਸਿੰਘ (28), ਉਸਦੀ ਦੋਸਤ ਅਵਨੀਤ (22) ਤੇ ਫਿਰੋਜ਼ਪੁਰ ਨਿਵਾਸੀ ਲਵਪ੍ਰੀਤ (29) ਸ਼ਾਮਲ ਹਨ।ਤਿੰਨਾਂ ਖ਼ਿਲਾਫ਼ ਪੁਲਿਸ ਨੇ NDPS ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਨੂੰ ਪੁਲਿਸ ਨੇ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਲਵਪ੍ਰੀਤ ਨੂੰ 7 ਦਿਨ ਤੇ ਵਿਕਰਮਜੀਤ ਨੂੰ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਲਵਪ੍ਰੀਤ ਸਿੰਘ ਪੰਜਾਬ ਪੁਲਿਸ ਦੇ ਸੇਵਾਮੁਕਤ ਸਬ ਇੰਸਪੈਕਟਰ ਦਾ ਬੇਟਾ ਹੈ। ਪੁਲਿਸ ਨੂੰ ਇਨ੍ਹਾਂ ਕੋਲੋਂ ਡੇਢ ਕਿੱਲੋ ਹੈਰੋਇਨ ਬਰਾਮਦ ਹੋਈ ਹੈ, ਜਿਸਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 5 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਲਵਪ੍ਰੀਤ ਦੇ ਬਾਰਡਰ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਕੌਮਾਂਤਰੀ ਗਿਰੋਹ ਨਾਲ ਸਬੰਧ ਸਨ। ਪੁਲਿਸ ਨੇ ਪਹਿਲਾਂ ਵਿਕਰਮਜੀਤ ਤੇ ਅਵਨੀਤ ਨੂੰ ਫੜਿਆ ਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਅਗਲੇ ਦਿਨ ਲਵਪ੍ਰੀਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ।ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ’ਚ ਹੈਰੋਇਨ ਦੀ ਵੱਡੀ ਖੇਪ ਦੀ ਤਸਕਰੀ ਹੋਣ ਵਾਲੀ ਹੈ। ਸੂਚਨਾ ਮਿਲਣ ’ਤੇ ਟੀਮ ਨੇ ਸੈਕਟਰ-42 ਦੀ ਨਿਊ ਲੇਕ ਕੋਲ ਨਾਕਾ ਲਗਾ ਦਿੱਤਾ। ਉਦੋਂ ਹੀ ਉੱਥੇ ਇਕ ਪੰਜਾਬ ਨੰਬਰ ਦੀ ਕਾਰ ਦੇ ਡੈਸ਼ਬੋਰਡ ’ਚੋਂ ਪੁਲਿਸ ਨੂੰ 1.01 ਕਿੱਲੋ ਹੈਰੋਇਨ ਬਰਾਮਦ ਹੋਈ। ਲਵਪ੍ਰੀਤ ਨੂੰ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸਰ ’ਚ ਪੁਲਿਸ ਨੇ ਫੜਿਆ ਸੀ। ਪੁਲਿਸ ਨੇ ਮੁਲਜ਼ਮਾਂ ਤੋਂ ਔਡੀ, ਐਂਡੇਵਰ, ਗਲਾਂਜ਼ਾ ਜਿਹੀਆਂ ਕਾਰਾਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਤੋਂ ਸਾਢੇ 4 ਲੱਖ ਰੁਪਏ ਨਕਦ, ਰੁਪਏ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਗਈ।