ਚੰਡੀਗੜ੍ਹ,19 ਮਾਰਚ, Gee98 news service
-ਪੰਜਾਬ ਪੁਲਿਸ ਨੇ ਹੁਣ ਕਿਤੇ ਵੀ ਰੇਡ ਕਰਨ, ਕਿਸੇ ਨੂੰ ਗ੍ਰਿਫ਼ਤਾਰ ਕਰਨ ਲਈ ਜਾਣ ਸਮੇਂ ਜਾਂ ਸਰਚ ਆਪਰੇਸ਼ਨ ਸਮੇਂ ਆਪਣੇ ਨਿਯਮ ਬਦਲ ਕੇ ਸਖ਼ਤ ਕਰ ਦਿੱਤੇ ਹਨ ਭਾਵ ਕਿ ਹੁਣ ਜਿਹੜੀ ਪੁਲਿਸ ਪਾਰਟੀ ਕਿਸੇ ਵੀ ਬਦਮਾਸ਼ ਜਾਂ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਜਾਵੇਗੀ ਜਾਂ ਕਿਤੇ ਛਾਪੇਮਾਰੀ ਕਰਨ ਜਾਵੇਗੀ ਤਾਂ ਉਸ ਪੁਲਿਸ ਪਾਰਟੀ ਦੇ ਮੈਂਬਰਾਂ ਨੂੰ ਬੁਲੇਟ ਪਰੂਫ ਜੈਕੇਟ ਪਹਿਨਣਾ ਯਕੀਨੀ ਬਣਾਇਆ ਜਾਵੇਗਾ। ਐਤਵਾਰ ਹੁਸ਼ਿਆਰਪੁਰ ਦੇ ਮੁਕੇਰੀਆਂ ਨੇੜੇ ਇੱਕ ਗੈਂਗਸਟਰ ਰਾਣਾ ਮਨਸੂਰਪੁਰੀਆ ਵੱਲੋਂ ਗੋਲੀ ਚਲਾਏ ਜਾਣ ਤੋਂ ਬਾਅਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਸ਼ਹੀਦੀ ਨੇ ਪੁਲਿਸ ਫੋਰਸ ਨੂੰ ਵੱਡਾ ਝਟਕਾ ਦਿੱਤਾ ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਉਕਤ ਫੈਸਲਾ ਹੇਠਲੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ। ਸੂਤਰਾਂ ਅਨੁਸਾਰ ਸ਼ਹੀਦ ਅੰਮ੍ਰਿਤਪਾਲ ਸਿੰਘ ਨੇ ਬੁਲੇਟ ਪਰੂਫ ਜੈਕੇਟ ਨਹੀਂ ਪਹਿਨੀ ਹੋਈ ਸੀ। ਸੂਤਰਾਂ ਅਨੁਸਾਰ ਕੁਝ ਸਮਾਂ ਪਹਿਲਾਂ ਹੀ ਪੰਜਾਬ ਪੁਲਿਸ ਨੂੰ 500 ਦੇ ਕਰੀਬ ਬੁਲੇਟ ਪਰੂਫ਼ ਜੈਕੇਟਾਂ ਵੀ ਦਿੱਤੀਆਂ ਗਈਆਂ ਹਨ। ਪੰਜਾਬ ਪੁਲਿਸ ਦੇ ਡੀਜੀਪੀ ਨੇ ਸਾਰੇ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਵੀ ਜ਼ਿਲ੍ਹਾ ਪੁਲਿਸ, ਸੀਆਈਏ ਸਟਾਫ਼, ਏਜੀਟੀਐਫ, ਐਸਟੀਐਫ ਸਟਾਫ਼ ਦੇ ਅਧਿਕਾਰੀ ਕਿਸੇ ਗੈਂਗਸਟਰ ਜਾਂ ਬਦਮਾਸ਼ ਨੂੰ ਗ੍ਰਿਫਤਾਰ ਕਰਨ, ਛਾਪੇਮਾਰੀ ਕਰਨ ਲਈ ਜਾਂਦੇ ਹਨ ਤਾਂ ਉਹਨਾਂ ਨੂੰ ਬੁਲੇਟ ਪਰੂਫ ਜੈਕੇਟ ਪਹਿਣਣਾ ਯਕੀਨੀ ਬਣਾਇਆ ਜਾਵੇ। ਪੰਜਾਬ ਸਰਕਾਰ ਨੇ ਵੀ ਡੀਜੀਪੀ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਫੋਰਸ ਦੇ ਮੁਲਾਜ਼ਮ ਬੁਲੇਟ ਪਰੂਫ ਜੈਕਟਾਂ ਤੋਂ ਬਿਨਾਂ ਛਾਪੇਮਾਰੀ ਕਰਨ, ਗ੍ਰਿਫ਼ਤਾਰ ਕਰਨ ਨਹੀਂ ਜਾਣੇ ਚਾਹੀਦੇ।