ਚੰਡੀਗੜ੍ਹ,5 ਮਾਰਚ, Gee98 news service
-ਪ੍ਰਿੰਟ ਮੀਡੀਆ, ਇਲੈਕਟਰੋਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੰਜਾਬ ਦੀ ਮੌਜੂਦਾ ਸਰਕਾਰ ਜਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਖ਼ਿਲਾਫ਼ ਲਿਖਣ ਬੋਲਣ ਵਾਲੇ ਨੂੰ ਰਾਡਾਰ ‘ਤੇ ਲੈਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸੇ ਲੜੀ ਤਹਿਤ ਪਿਛਲੇ ਦਿਨੀ ਪੰਜਾਬ ਪੁਲਿਸ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਨੇੜੇ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕਰਨ ਵਾਲੇ ਇੱਕ ਯੂਟਿਊਬਰ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਉਸਦੇ ਘਰ ਰੇਡ ਕੀਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦੀ ਹੈ। ਲਵਲੀ ਯੂਨੀਵਰਸਿਟੀ ਦੇ ਨੇੜੇ ਸ਼ਰਾਬ ਪੀਣ ਦੇ ਅੱਡਿਆਂ ਅਤੇ ਸੈਕਸ ਰੈਕੇਟ ਚੱਲਣ ਸਬੰਧੀ ਇੱਕ ਵੀਡੀਓ ਯੂਟਿਊਬਰ ਨਿਖਲ ਨੇ ਯੂਟਿਊਬ ‘ਤੇ ਵਾਇਰਲ ਕੀਤੀ ਸੀ ਅਤੇ ਇੱਕ ਵੱਡੇ ਸਿੱਖਿਆ ਅਦਾਰੇ ਦੇ ਨੇੜੇ ਸਮਾਜਿਕ ਬੁਰਾਈਆਂ ਦਾ ਸ਼ਰੇਆਮ ਹੋਣ ਨੂੰ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੀ ਅਣਗਹਿਲੀ ਦੱਸਿਆ ਗਿਆ ਸੀ ਅਤੇ ਇਸ ਸਬੰਧੀ ਯੂਟਿਊਬਰ ਨੇ ਚਿੰਤਾ ਜ਼ਾਹਿਰ ਕੀਤੀ ਸੀ। ਚਰਚਾ ਇਹ ਵੀ ਹੋ ਰਹੀ ਹੈ ਕਿ ਕਪੂਰਥਲਾ ਦੇ ਸਤਨਾਮਪੁਰਾ ਪੁਲਿਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਵਿੱਚ ਨਿਖਿਲ ਦਾ ਨਾਮ ਸਿੱਧੇ ਤੌਰ ‘ਤੇ ਨਹੀਂ ਪ੍ਰੰਤੂ ਇਹ 29 ਫਰਵਰੀ 2024 ਨੂੰ ਉਸ ਵੱਲੋਂ ਬਣਾਈ ਯੂਟਿਊਬ ‘ਤੇ ਚਲਾਈ ਵੀਡੀਓ ਨਾਲ ਸੰਬੰਧਿਤ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਇੱਕ ਟੀਮ ਦਾ ਤਿੰਨ ਮਾਰਚ 2024 ਨੂੰ ਨਿਖਿਲ ਸਿੰਘ ਦੇ ਘਰ ਜਾਣਾ ਭਾਰਤ ਵਿੱਚ ਬੋਲਣ ਦੀ ਆਜ਼ਾਦੀ ਦੀ ਹਮਾਇਤ ਕਰਨ ਵਾਲਿਆਂ ਲਈ ਚਿੰਤਾਜਨਕ ਹੈ।