ਚੰਡੀਗੜ੍ਹ,4 ਮਾਰਚ, Gee98 news service
-ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਦਫ਼ਤਰ ਖੋਲਣ ਅਤੇ ਬੰਦ ਹੋਣ ਸੰਬੰਧੀ ਅਹਿਮ ਫੈਸਲਾ ਕੀਤਾ ਹੈ। ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ ਗਰਮੀਆਂ ਦੇ ਮੌਸਮ ਵਿੱਚ ਇੱਕੋ ਸਮੇਂ ਨਹੀਂ ਖੁੱਲਣਗੇ ਸਗੋਂ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਸਾਰੇ ਸਰਕਾਰੀ ਦਫ਼ਤਰ ਤਿੰਨ ਵੱਖ-ਵੱਖ ਸਮਿਆਂ ‘ਤੇ ਖੁੱਲਣਗੇ। ਸੂਤਰਾਂ ਅਨੁਸਾਰ ਗਰਮੀਆਂ ਦੇ ਮੌਸਮ ਵਿੱਚ ਬਿਜਲੀ ਦੀ ਬਚਤ ਕਰਨ ਸਬੰਧੀ ਸਰਕਾਰ ਇਹ ਪ੍ਰਯੋਗ ਲਾਗੂ ਕਰਨ ਜਾ ਰਹੀ ਹੈ ਜਿਸ ਤਹਿਤ ਹੁਣ ਗਰਮੀਆਂ ਦੇ ਦਿਨਾਂ ਵਿੱਚ ਕੁਝ ਦਫ਼ਤਰ ਸਵੇਰੇ 8 ਵਜੇ, ਕੁਝ 9 ਵਜੇ ਅਤੇ ਕੁਝ 10 ਵਜੇ ਖੋਲੇ ਜਾਣਗੇ ਇਸੇ ਤਰ੍ਹਾਂ ਇਹਨਾਂ ਦਾ ਦਫਤਰਾਂ ਵਿੱਚ ਛੁੱਟੀ ਦਾ ਸਮਾਂ ਵੀ ਵੱਖੋ ਵੱਖਰਾ ਹੋਵੇਗਾ। ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਇੱਕ ਸਮਾਗਮ ਦੌਰਾਨ ਦਿੱਤੀ, ਜਲਦੀ ਹੀ ਪੰਜਾਬ ਸਰਕਾਰ ਇਸ ਸਬੰਧੀ ਰਸਮੀ ਹੁਕਮ ਜਾਰੀ ਕਰ ਸਕਦੀ ਹੈ। ਕੁਝ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਇਸ ਫੈਸਲੇ ‘ਤੇ ਹੈਰਾਨੀ ਵੀ ਪ੍ਰਗਟ ਕੀਤੀ ਜਾ ਰਹੀ ਹੈ। ਮੁਲਾਜ਼ਮ ਆਗੂਆਂ ਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਦਫ਼ਤਰਾਂ ਦੇ ਖੋਲਣ ਦਾ ਵੱਖੋ ਵੱਖ ਸਮਾਂ ਹੋਣ ਕਾਰਨ ਆਮ ਲੋਕ ਭੰਬਲ ਭੂਸੇ ਵਿੱਚ ਪੈਣਗੇ, ਜਦੋਂ ਤੱਕ ਲੋਕਾਂ ਨੂੰ ਇਹ ਪਤਾ ਲੱਗੇਗਾ ਕਿ ਕਿਹੜੇ ਦਫ਼ਤਰ ਦੇ ਖੁੱਲਣ ਦਾ ਕਿਹੜਾ ਸਮਾਂ ਇਹ ਉਸ ਵੇਲੇ ਤੱਕ ਗਰਮੀਆਂ ਦਾ ਸੀਜ਼ਨ ਖਤਮ ਹੋ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਬਿਜਲੀ ਦੀ ਬਚਤ ਸਬੰਧੀ ਸਰਕਾਰੀ ਦਫਤਰਾਂ ਦੇ ਸਮੇਂ ਉੱਪਰ ਪ੍ਰਯੋਗ ਕਰਨ ਦੀ ਬਜਾਏ ਜ਼ਮੀਨੀ ਪੱਧਰ ‘ਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬ ਸਰਕਾਰ ਦੇ ਇਸ ਫੈਸਲੇ ਸਬੰਧੀ ਰਸਮੀ ਹੁਕਮ ਜਾਰੀ ਹੋਣ ਤੋਂ ਪਹਿਲਾਂ ਹੀ ਇਸ ਦੀ ਆਲੋਚਨਾ ਵੀ ਹੋਣੀ ਸ਼ੁਰੂ ਹੋ ਗਈ ਹੈ।