ਚੰਡੀਗੜ੍ਹ,18 ਦਸੰਬਰ-ਹਰਿਆਣਾ ਰੋਡਵੇਜ਼ ਦੇ ਇੱਕ ਡਰਾਈਵਰ ਦੀ ਦਿਲੀ ਤਮੰਨਾ ਸੀ ਕਿ ਉਹ ਆਪਣੇ ਪੁੱਤਰ ਦੀ ਸ਼ਾਦੀ ਮੌਕੇ ਨਵੀਂ ਵਿਆਹੀ ਨੂੰਹ ਹੈਲੀਕਾਪਟਰ ‘ਤੇ ਪਿੰਡ ਲੈ ਕੇ ਆਵੇਗਾ ਪਰੰਤੂ ਉਸਦੀ ਇਹ ਤਮੰਨਾ ਪੂਰੀ ਨਹੀਂ ਹੋਈ। ਰੋਡਵੇਜ਼ ਦੇ ਮੁਲਾਜ਼ਮ ਨੇ ਆਪਣੇ ਪੁੱਤਰ ਦੀ ਸ਼ਾਦੀ ਮੌਕੇ ਨੂੰਹ ਲਿਆਉਣ ਲਈ ਹੈਲੀਕਾਪਟਰ ਦੀ ਬੁਕਿੰਗ ਵੀ ਕਰਵਾਈ, ਪ੍ਰੰਤੂ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਡੋਲੀ ਤੁਰਨ ਤੋਂ ਕੁਝ ਸਮਾਂ ਪਹਿਲਾਂ ਹੈਲੀਕਾਪਟਰ ਵਾਲੇ ਨੇ ਪੂਰੀ ਪੇਮੈਂਟ ਮੰਗ ਲਈ ਜਿਸ ਤੋਂ ਬਾਅਦ ਮਾਮਲਾ ਗੜਬੜ ਹੋ ਗਿਆ। ਇਹ ਘਟਨਾ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਨੰਗਥਲਾ ਨਾਲ ਸੰਬੰਧਿਤ ਹੈ ਜਿੱਥੋਂ ਹਰਿਆਣਾ ਰੋਡਵੇਜ਼ ਦਾ ਇੱਕ ਮੁਲਾਜ਼ਮ ਸਤਬੀਰ ਆਪਣੇ ਬੇਟੇ ਵਿਕਾਸ ਦੀ ਬਾਰਾਤ ਫਤਿਹਾਬਾਦ ਨੇੜੇ ਬਿਗੜ ਪਿੰਡ ਵਿੱਚ ਲੈ ਕੇ ਗਿਆ। ਸਤਬੀਰ ਨੇ ਆਪਣੇ ਹੀ ਪਿੰਡ ਦੇ ਇੱਕ ਟੈਂਟ ਵਾਲੇ ਦੇ ਰਾਹੀਂ ਹੈਲੀਕਾਪਟਰ ਦੀ ਬੁਕਿੰਗ ਕਰਵਾਈ ਹੋਈ ਸੀ ਜਿਸ ਵਿੱਚ ਉਸਨੇ ਆਪਣੀ ਨਵੀਂ ਵਿਆਹੀ ਨੂੰਹ ਨੂੰ ਲੈ ਕੇ ਆਉਣਾ ਸੀ। ਸਤਬੀਰ ਨੇ ਹੈਲੀਕਾਪਟਰ ਦੀ ਬੁਕਿੰਗ ਦੇ 2 ਲੱਖ ਰੁਪਏ ਐਡਵਾਂਸ ਵੀ ਟੈਂਟ ਵਾਲੇ ਨੂੰ ਦੇ ਦਿੱਤੇ ਸਨ। ਪਿੰਡ ਵਿੱਚ ਹੈਲੀਕਾਪਟਰ ਉਤਾਰਨ ਦੇ ਲਈ ਬਕਾਇਦਾ ਪੁਲਿਸ ਤੋਂ ਆਗਿਆ ਲੈ ਕੇ ਹੈਲੀਪੈਡ ਵੀ ਬਣਾਇਆ ਗਿਆ ਸੀ। ਬਾਰਾਤ ਵਾਲੇ ਦਿਨ ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਡੋਲੀ ਤੁਰਨ ਤੋਂ ਕੁਝ ਸਮਾਂ ਪਹਿਲਾਂ ਟੈਂਟ ਵਾਲੇ ਨੇ ਸੁਖਬੀਰ ਨੂੰ ਫੋਨ ਕੀਤਾ ਕਿ ਹੈਲੀਕਾਪਟਰ ਦੀ ਬੁਕਿੰਗ ਦੀ ਬਾਕੀ ਪੇਮੈਂਟ ਦੇ ਦਿੱਤੀ ਜਾਵੇ ਪਰ ਸਤਬੀਰ ਕੋਲ ਮੌਕੇ ‘ਤੇ ਪੂਰੀ ਪੇਮੈਂਟ ਨਹੀਂ ਸੀ। ਉਸਨੇ ਕਿਹਾ ਕਿ ਉਹ ਪਿੰਡ ਜਾ ਕੇ ਹੈਲੀਕਾਪਟਰ ਹੈਲੀਪੈਡ ‘ਤੇ ਉਤਰਨ ਮੌਕੇ ਸਾਰੀ ਪੇਮੈਂਟ ਦੇ ਦੇਵੇਗਾ। ਹੈਲੀਕਾਪਟਰ ਦੀ ਬੁਕਿੰਗ ਕਰਨ ਵਾਲੇ ਟੈਂਟ ਵਾਲੇ ਨੇ ਉਸਦੀ ਗੱਲ ਨਹੀਂ ਮੰਨੀ ਅਤੇ ਆਪਣਾ ਮੋਬਾਈਲ ਫੋਨ ਬੰਦ ਕਰ ਲਿਆ। ਜਿਸ ਤੋਂ ਬਾਅਦ ਸਤਬੀਰ ਨੂੰ ਆਪਣੀ ਨਵੀਂ ਵਿਆਹੀ ਨੂੰਹ ਨੂੰ ਕਾਰ ਰਾਹੀਂ ਹੀ ਪਿੰਡ ਲਿਆਉਣਾ ਪਿਆ। ਸਤਬੀਰ ਨੇ ਕਿਹਾ ਕਿ ਟੈਂਟ ਵਾਲੇ ਦੀ ਵਜ੍ਹਾ ਕਾਰਨ ਉਸ ਦੀ ਨੂੰਹ ਨੂੰ ਹੈਲੀਕਾਪਟਰ ਰਾਹੀਂ ਲਿਆਉਣ ਦੀ ਤਮੰਨਾ ਪੂਰੀ ਨਹੀਂ ਹੋਈ ਅਤੇ ਉਹ ਟੈਂਟ ਵਾਲੇ ਦੇ ਖ਼ਿਲਾਫ਼ ਪੁਲਿਸ ਕਾਰਵਾਈ ਕਰਵਾਏਗਾ ਕਿਉਂਕਿ ਉਸਨੇ ਟੈਂਟ ਵਾਲੇ ਨੂੰ ਦੋ ਲੱਖ ਰੁਪਏ ਐਡਵਾਂਸ ਦੇ ਦਿੱਤੇ ਸਨ।
ਫੋਟੋ ਕੈਪਸ਼ਨ-ਪਿੰਡ ਵਿੱਚ ਹੈਲੀਕਾਪਟਰ ਉਤਾਰਨ ਲਈ ਤਿਆਰ ਕੀਤੇ ਹੈਲੀਪੈਡ ਦੀ ਤਸਵੀਰ।