ਚੰਡੀਗੜ੍ਹ,25 ਨਵੰਬਰ-ਗੁਰਦੇ ਦੀ ਬਿਮਾਰੀ ਤੋਂ ਪਰੇਸ਼ਾਨ ਇੱਕ ਸਾਬਕਾ ਫੌਜੀ ਨੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਦੇ ਰਾਏਕੋਟ ਰੋਡ ‘ਤੇ ਸਥਿਤ ਮੁਹੱਲਾ ਟਾਹਲੀ ਵਾਲਾ ਦੇ ਵਸਨੀਕ ਸਾਬਕਾ ਫੌਜੀ ਪੂਰਨ ਸਿੰਘ ਦਾ ਡਾਇਲਸਿਸ ਕੁਝ ਸਮੇਂ ਤੋਂ ਹੋ ਰਿਹਾ ਸੀ। ਸ਼ਨੀਵਾਰ ਜਦ ਉਸਦੀ ਪਤਨੀ ਅਤੇ ਬੇਟੀ ਉਸਨੂੰ ਡਾਇਲਸਿਸ ਕਰਵਾਉਣ ਵਾਸਤੇ ਹਸਪਤਾਲ ਲਿਜਾਣ ਲਈ ਤਿਆਰ ਸਨ ਤਾਂ ਉਹਨਾਂ ਨੇ ਪੂਰਨ ਸਿੰਘ ਨੂੰ ਤਿਆਰ ਹੋਣ ਲਈ ਕਿਹਾ ਤਾਂ ਪੂਰਨ ਸਿੰਘ ਨੇ ਕਿਹਾ ਕਿ ਕੁਝ ਸਮਾਂ ਉਡੀਕ ਕਰੋ ਮੈਂ ਤਿਆਰ ਹੋ ਕੇ ਆਉਂਦਾ ਹਾਂ। ਇਸ ਤੋਂ ਬਾਅਦ ਪਤਨੀ ਅਤੇ ਬੇਟੀ ਬਾਹਰ ਵੇਹੜੇ ਵਿੱਚ ਉਸ ਦੀ ਉਡੀਕ ਕਰਨ ਲੱਗੀਆਂ, ਪੂਰਨ ਸਿੰਘ ਆਪਣੇ ਕਮਰੇ ਵਿੱਚ ਗਿਆ ਤੇ ਆਪਣੇ ਪਿਸਤੌਲ ਦੇ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਕਮਰੇ ਅੰਦਰ ਗੋਲੀ ਦੀ ਆਵਾਜ਼ ਸੁਣ ਕੇ ਜਦ ਪਤਨੀ ਤੇ ਬੇਟੀ ਅੰਦਰ ਗਈਆਂ ਤਾਂ ਫੌਜੀ ਪੂਰਨ ਸਿੰਘ ਦੀ ਲਾਸ਼ ਖ਼ੂਨ ਨਾਲ ਲੱਥਪੱਥ ਪਈ ਸੀ। ਪਰਿਵਾਰ ਦੀ ਸੂਚਨਾ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਪਾਰਟੀ ਨੇ ਸਾਬਕਾ ਫੌਜੀ ਪੂਰਨ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਖਵਾਇਆ। ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਸਾਬਕਾ ਫੌਜੀ ਪੂਰਨ ਸਿੰਘ ਦੀ ਪਤਨੀ ਬੰਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਚਾਰ ਬੱਚੇ ਹਨ ਜਿਨਾਂ ਵਿੱਚੋਂ ਵੱਡੇ ਲੜਕੇ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ, ਛੋਟਾ ਕੈਨੇਡਾ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਹੈ ਅਤੇ ਦੋ ਬੇਟੀਆਂ ਸ਼ਾਦੀਸ਼ੁਦਾ ਹਨ ਜਿੰਨਾਂ ਵਿੱਚੋਂ ਇੱਕ ਬੇਟੀ ਗਰਭਵਤੀ ਹੋਣ ਕਾਰਨ ਉਹਨਾਂ ਕੋਲ ਰਹਿਣ ਲਈ ਆਈ ਹੋਈ ਸੀ।