-ਦੀਵੇ ਥੱਲੇ ਹਨੇਰਾ ਹੋਣ ਦੀ ਕਹਾਵਤ ਉਦੋਂ ਵਰਤੀ ਜਾਂਦੀ ਹੈ ਜਦੋਂ ਕੋਈ ਵਿਅਕਤੀ ਦੂਜਿਆਂ ਨੂੰ ਉਪਦੇਸ਼ ਦੇਵੇ ਪ੍ਰੰਤੂ ਆਪ ਉਸ ‘ਤੇ ਖ਼ਰਾ ਨਾ ਉਤਰੇ ਜਾਂ ਕਿਸੇ ਹੋਰ ਨੂੰ ਗਲਤੀਆਂ ਕਰਨ ਤੋਂ ਵਰਜੇ ਜਾਂ ਗਲਤੀ ਕਰਨ ‘ਤੇ ਸਜ਼ਾ/ ਜ਼ੁਰਮਾਨਾ ਕਰੇ ਪ੍ਰੰਤੂ ਆਪ ਉਸੇ ਗਲਤੀ ਤਹਿਤ ਕਸੂਰਵਾਰ ਹੋਵੇ । ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ‘ਤੇ ਇਹ ਕਹਾਵਤ ਪੂਰੀ ਤਰ੍ਹਾਂ ਢੁਕਦੀ ਹੈ, ਜੋ ਪ੍ਰਦੂਸ਼ਣ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੀ ਪੜ੍ਹਤਾਲ ਕਰਕੇ ਉਹਨਾਂ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫਾਰਸ ਕਰਦੇ ਹਨ ਪ੍ਰੰਤੂ ਖੁਦ ਪ੍ਰਦੂਸ਼ਣ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਨਜ਼ਦੀਕ ਪਟਾਕਿਆਂ ਦੀ ਇੱਕ ਫੈਕਟਰੀ ਦਾ ਮਾਮਲਾ ਸੁਰਖੀਆਂ ‘ਚ ਆਉਣ ਤੋਂ ਬਾਅਦ ਬਰਨਾਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਅਮਲਾ ਵੀ ਹਰਕਤ ਵਿੱਚ ਆਇਆ । ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਫੈਕਟਰੀ ਵਿੱਚ ਜਾ ਕੇ ਫੈਕਟਰੀ ਦੀ ਲੋਕੇਸ਼ਨ ਅਤੇ ਹੋਰ ਪੜ੍ਹਤਾਲ ਕੀਤੀ। ਧਿਆਨਦੇਣ ਯੋਗ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਜਿਹੜੀ ਗੱਡੀ ਵਿੱਚ ਸਵਾਰ ਹੋ ਕੇ ਧਨੌਲਾ ਪਟਾਕਿਆਂ ਦੀ ਫੈਕਟਰੀ ਦੀ ਪੜ੍ਹਤਾਲ ਕਰਨ ਆਏ ਉਹ ਗੱਡੀ ਵਹੀਕਲ ਐਕਟ ਤਹਿਤ ਪ੍ਰਦੂਸ਼ਣ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੀ ਹੈ ਭਾਵ ਕਿ ਉਸ ਗੱਡੀ ਦਾ ਪ੍ਰਦੂਸ਼ਣ ਸਰਟੀਫਿਕੇਟ 10 ਮਹੀਨੇ ਪਹਿਲਾਂ ਆਪਣੀ ਮਿਆਦ ਪੁਗਾ ਚੁੱਕਾ ਹੈ। ਇਸ ਬਲੈਰੋ ਗੱਡੀ ਨੰਬਰ PB 11 BN 7296 ਦੇ ਪ੍ਰਦੂਸ਼ਣ ਸਰਟੀਫਿਕੇਟ ਦੀ ਮਿਆਦ ਫਰਵਰੀ 2023 ਵਿੱਚ ਖਤਮ ਹੋ ਚੁੱਕੀ ਹੈ, ਜਿਸ ਨੂੰ ਗੱਡੀ ਦੀ ਵਰਤੋਂ ਕਰ ਰਹੇ ਅਧਿਕਾਰੀਆਂ ਨੇ ਰੀਨਿਊ ਕਰਵਾਉਣ ਦੀ ਲੋੜ ਨਹੀਂ ਸਮਝੀ ਜਦ ਕਿ ਜੇਕਰ ਕੋਈ ਆਮ ਵਿਅਕਤੀ ਇਸ ਤਰ੍ਹਾਂ ਨਿਯਮਾਂ ਦੀ ਉਲੰਘਣਾ ਕਰੇ ਤਾਂ ਇਹਨਾਂ ਅਧਿਕਾਰੀਆਂ ਵੱਲੋਂ ਉਸ ਨੂੰ ਭਾਰੀ ਜ਼ੁਰਮਾਨਾ ਕੀਤਾ ਜਾਂਦਾ ਹੈ। ਸਾਫ਼ ਜ਼ਾਹਿਰ ਹੈ ਕਿ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਆਪਣੇ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਬਜਾਏ “ਆਪਣੀ ਲੱਸੀ ਖੱਟੀ ਨਹੀਂ ਹੁੰਦੀ” ਦੇ ਨਿਯਮਾਂ ਦੀ ਪਾਲਣਾ ਬਾਖ਼ੂਬੀ ਕਰ ਰਹੇ ਹਨ। ਸਰਕਾਰ, ਸਰਕਾਰੀ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀਆਂ ਨੂੰ ਇਸੇ ਕਰਕੇ ਨਿਯੁਕਤ ਕਰ ਰਹੀ ਹੈ ਕਿ ਉਹ ਲੋਕਾਂ ਨੂੰ ਸਮਾਜਿਕ ਹਿੱਤਾਂ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਤਿਆਰ ਕੀਤੇ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਪ੍ਰੇਰਿਤ ਕਰਨ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਜ਼ਾ/ਜ਼ੁਰਮਾਨੇ ਕਰਨ ਪ੍ਰੰਤੂ ਅਫ਼ਸਰੀ ਰੈਂਕ ਦੇ ਇਹਨਾਂ ਪ੍ਰਸ਼ਾਸਕੀ ਰਾਜੇ/ਰਾਣੀਆਂ ਨੂੰ ਅੱਗਾ ਢੱਕਣ ਲਈ ਕੌਣ ਕਹੇ । ਸਵਾਲ ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ‘ਤੇ ਵੀ ਉੱਠਦੇ ਹਨ ਕਿ ਉਹ ਮੋਟਰਸਾਈਕਲ ‘ਤੇ ਘਰੋਂ ਖੇਤ ਤੱਕ ਜਾਣ ਵਾਲੇ ਆਮ ਲੋਕਾਂ ਦੇ ਵਹੀਕਲਾਂ ਦੇ ਪ੍ਰਦੂਸ਼ਣ ਸਰਟੀਫਿਕੇਟ ਦੇ ਚਲਾਨ ਤਾਂ ਕੱਟ ਦਿੰਦੇ ਹਨ ਪਰੰਤੂ ਸਰਕਾਰੀ ਵਿਭਾਗਾਂ ਦੀਆਂ ਗੱਡੀਆਂ ਦੇ ਕਾਗਜ਼ਾਂ ਦੀ ਪੜਤਾਲ ਕਦੇ ਵੀ ਨਹੀਂ ਕੀਤੀ ਜਾਂਦੀ। ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੇ ਨਾਅਰੇ ‘ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਅਧਿਕਾਰੀਆਂ ਨੂੰ ਖੁਦ ਆਪਣਾ ਅੱਗਾ ਸੰਵਾਰ ਕੇ ਲੋਕਾਂ ਵਿੱਚ ਵਿਚਰਨ ਦੀ ਹਦਾਇਤ ਕਰੇਗੀ।

ਫੋਟੋ ਕੈਪਸ਼ਨ-ਧਨੌਲਾ ਵਿਖੇ ਪਟਾਕਿਆਂ ਦੀ ਫੈਕਟਰੀ ਦੀ ਪੜਤਾਲ ਲਈ ਪੁੱਜੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਦੀ ਗੱਡੀ