ਮਹਿਲ ਕਲਾਂ 9 ਮਈ ( ਜਸਵੰਤ ਸਿੰਘ ਲਾਲੀ )-
ਨੇੜਲੇ ਪਿੰਡ ਮਹਿਲ ਖੁਰਦ ਵਿਖੇ ਮੰਗਲਵਾਰ ਸਵੇਰੇ 7 ਕੁ ਵਜੇ ਦੇ ਕਰੀਬ ਇਕ ਮਜ਼ਦੂਰ ਵੱਲੋਂ ਆਰਥਿਕ ਤੰਗੀ ਕਾਰਨ ਆਪਣੇ ਘਰ ਅੰਦਰ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਲਟਕ ਕੇ ਖੁਦਕਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਮੌਕੇ ਸਮਾਜ ਸੇਵੀ ਹਰਗੋਪਾਲ ਸਿੰਘ ਪਾਲਾ, ਸਰਪੰਚ ਬਲਦੀਪ ਸਿੰਘ ਨੇ ਕਿਹਾ ਕਿ ਮ੍ਰਿਤਕ ਮਜ਼ਦੂਰ ਆਪਣੇ ਘਰ ਦਾ ਗੁਜ਼ਾਰਾ ਮਜ਼ਦੂਰੀ ਕਰਕੇ ਕਰਦਾ ਆ ਰਿਹਾ ਸੀ ਪ੍ਰੰਤੂ ਜ਼ਿਆਦਾ ਮਹਿੰਗਾਈ ਕਾਰਨ ਆਮਦਨ ਅਤੇ ਖਰਚ ਦੇ ਪਾੜੇ ਤੋਂ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਮਜ਼ਦੂਰ ਪਿੱਛੇ ਆਪਣੀ ਪਤਨੀ ਬੇਅੰਤ ਕੌਰ, ਲੜਕਾ ਗੁਰਵੀਰ ਸਿੰਘ (18) ਅਤੇ ਲੜਕੀ ਅਮਨਪ੍ਰੀਤ ਕੌਰ (16 )ਛੱਡ ਗਿਆ ਹੈ । ਐਸ ਐਚ ਓ ਮਹਿਲ ਕਲਾਂ ਕਮਲਜੀਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੇ ਪਿਤਾ ਬਿੱਕਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ, ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ, ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਕਲਾਂ, ਨੰਬਰਦਾਰ ਬਲਬੀਰ ਸਿੰਘ ਮਹਿਲ ਖੁਰਦ, ਨੱਥਾ ਸਿੰਘ ਮਹਿਲ ਖੁਰਦ ਨੇ ਮ੍ਰਿਤਕ ਮਜ਼ਦੂਰ ਦੇ ਪ੍ਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ।