ਬਰਨਾਲਾ ,07 ਮਈ (ਨਿਰਮਲ ਸਿੰਘ ਪੰਡੋਰੀ) : ਪੰਜਾਬ ਪੁਲਿਸ ਦੀ ਨੈੱਟਬਾਲ ਦੀ ਟੀਮ ਨੇ ਖੇਲੋ ਮਾਸਟਰਜ਼ ਗੇਮਜ਼ ਵਿੱਚ ਸੋਨੇ ਦਾ ਮੈਡਲ ਜਿੱਤ ਕੇ ਪੁਲਿਸ ਫੋਰਸ ਦੇ ਮਾਣ ’ਚ ਵਾਧਾ ਕੀਤਾ। ਇਹ ਖੇਡਾਂ 1 ਮਈ ਤੋਂ 3 ਮਈ ਤੱਕ ਦਿੱਲੀ ਵਿਖੇ ਹੋਈਆਂ ਸਨ, ਜਿਨਾਂ ਵਿੱਚ ਬਤੌਰ ਟੀਮ ਮੈਂਬਰ ਬਰਨਾਲਾ ਪੁਲਿਸ ਦੇ ਪੰਜ ਖਿਡਾਰੀਆਂ ਨੇ ਭਾਗ ਲਿਆ। ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਕੁਮਾਰ ਮਲਿਕ ਨੇ ਨੈੱਟਬਾਲ ਟੀਮ ਦੇ ਮੈਂਬਰ ਪੁਲਿਸ ਮੁਲਾਜ਼ਮਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕੁਲਦੀਪ ਸਿੰਘ ਐਸਪੀ, ਰਾਜੇਸ ਕੁਮਾਰ ਸਨੇਹੀ ਡੀਐਸਪੀ, ਕੁਲਦੀਪ ਸਿੰਘ ਡੀਐਸਪੀ, ਜਤਿੰਦਰਪਾਲ ਸਿੰਘ ਡੀਐਸਪੀ ਅਤੇ ਬਰਨਾਲਾ ਪੁਲਿਸ ਦੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।