ਬਰਨਾਲਾ 8 ਜਨਵਰੀ (ਨਿਰਮਲ ਸਿੰਘ ਪੰਡੋਰੀ)-ਜ਼ਿਲ੍ਹੇ ਦੇ ਕਸਬਾ ਧਨੌਲਾ ਦੀ 26 ਵਰ੍ਹਿਆਂ ਦੀ ਮੁਟਿਆਰ ਸ਼ਿਲਪਾ ਰਾਣੀ ਇਨਸਾ ਨੇ ਆਪਣੀ ਇੱਕ ਮਾਣਮੱਤੀ ਪ੍ਰਾਪਤੀ ਨਾਲ ਜ਼ਿਲ੍ਹੇ ਦਾ ਨਾਮ ਪੂਰੇ ਭਾਰਤ ਵਿੱਚ ਰੌਸ਼ਨ ਕੀਤਾ ਹੈ। ਸ਼ਿਲਪਾ ਰਾਣੀ ਨੇ ਆਪਣੇ ਹੱਥਾਂ ਦੀਆਂ ਉਂਗਲਾਂ ਦੇ ਜਾਦੂ ਨਾਲ ਆਪਣਾ ਨਾਮ “ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕਰਵਾਇਆ ਹੈ। ਸ਼ਿਲਪਾ ਰਾਣੀ ਨੇ ਟੱਚ ਸਕਰੀਨ ਮੋਬਾਈਲ ਉਪਰ ਅੰਗਰੇਜ਼ੀ ਦੇ A ਤੋਂ Z ਤਕ ਪੂਰੇ ਅੱਖਰ ਸਿਰਫ ਪੰਜ ਸੈਕਿੰਡ ਵਿੱਚ ਲਿਖੇ ਸਨ, ਜਿਸ ਤੋਂ ਬਾਅਦ ਉਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕੀਤਾ ਗਿਆ ਹੈ।ਸ਼ਿਲਪਾ ਰਾਣੀ ਨੇ ਇਹ ਪ੍ਰਾਪਤੀ ਦਸੰਬਰ 2021 ਵਿੱਚ ਕੀਤੀ ਸੀ। ਸ਼ਿਲਪਾ ਨੇ ਬੀ ਟੈੱਕ ਤਕ ਦੀ ਪੜ੍ਹਾਈ ਪੂਰੀ ਕੀਤੀ ਹੋਈ ਹੈ ਅਤੇ ਉਸ ਨੂੰ ਖਾਣਾ ਬਣਾਉਣ ਵਿੱਚ ਵੀ ਪੂਰੀ ਮੁਹਾਰਤ ਹਾਸਲ ਹੈ।ਉਸ ਨੇ ਪ੍ਰਧਾਨਮੰਤਰੀ ਸਕਿਲਡ ਯੋਜਨਾ ਤਹਿਤ ਖੁੱਲ੍ਹੇ ਸੈਂਟਰ ਚੋਂ ਸਿਖਲਾਈ ਪ੍ਰਾਪਤ ਕਰ ਕੇ ਅੱਗੇ ਹੋਰਨਾਂ ਨੂੰ ਵੀ ਖਾਣਾ ਬਣਾਉਣ ਦੀ ਸਿਖਲਾਈ ਦਿੱਤੀ ਹੈ।ਜ਼ੀ98 ਨਿਊਜ਼ ਨਾਲ ਗੱਲ ਕਰਦੇ ਹੋਏ ਸ਼ਿਲਪਾ ਰਾਣੀ ਨੇ ਦੱਸਿਆ ਕਿ ਉਸ ਦੇ ਮਨ ਵਿੱਚ ਹਮੇਸ਼ਾਂ ਕੁਝ ਨਾ ਕੁਝ ਵੱਖਰਾ ਕਰਨ ਦੀ ਚਾਹਤ ਰਹੀ ਹੈ, ਜਿਸ ਨੇ ਉਸ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਲਗਾਤਾਰ ਅਭਿਆਸ ਕਰਨ ਨਾਲ ਉਸ ਨੇ ਇਹ ਪ੍ਰਾਪਤੀ ਕੀਤੀ ਹੈ। ਸਿਲਪਾ ਨੇ ਕਿਹਾ ਕਿ ਉਸ ਦਾ ਇੱਥੇ ਰੁਕਣ ਦਾ ਇਰਾਦਾ ਨਹੀਂ ਸਗੋਂ ਉਹ ਹੋਰ ਅਭਿਆਸ ਕਰੇਗੀ ਤਾਂ ਜੋ “ਏਸ਼ੀਆ ਬੁੱਕ ਆਫ ਰਿਕਾਰਡਜ਼” ਵਿੱਚ ਆਪਣਾ ਨਾਮ ਦਰਜ ਕਰਵਾ ਸਕੇ। ਸ਼ਿਲਪਾ ਰਾਣੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਧੀਆਂ ਨੂੰ ਪੁੱਤਰਾਂ ਵਾਂਗ ਅੱਗੇ ਵਧਣ ਦੇ ਮੌਕੇ ਦੇਣੇ ਚਾਹੀਦੇ। ਇਸ ਮੌਕੇ ਸ਼ਿਲਪਾ ਦੇ ਪਿਤਾ ਗੋਪਾਲ ਅਤੇ ਮਾਤਾ ਮਨੀਸ਼ਾ ਨੇ ਆਪਣੀ ਧੀ ਦੀ ਮਾਣਮੱਤੀ ਪ੍ਰਾਪਤੀ ਉੱਪਰ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਸ਼ਿਲਪਾ ਨੇ ਆਪਣੀ ਮਿਹਨਤ ਦੇ ਬਲਬੂਤੇ ਇਹ ਪ੍ਰਾਪਤੀ ਕੀਤੀ ਅਤੇ ਉਹ ਹਮੇਸ਼ਾ ਕੁਝ ਨਾ ਕੁਝ ਵੱਖਰਾ ਕਰਨ ਲਈ ਯਤਨਸ਼ੀਲ ਰਹਿੰਦੀ ਹੈ।