ਚੰਡੀਗੜ੍ਹ 8 ਜਨਵਰੀ (ਜ਼ੀ98 ਨਿਊਜ਼)- ਚੰਡੀਗੜ੍ਹ ਮੇਅਰ ਦੀ ਕੁਰਸੀ ‘ਤੇ ਭਾਜਪਾ ਨੇ ਕਬਜ਼ਾ ਕਰ ਲਿਆ ਹੈ। ਭਾਜਪਾ ਦੀ ਸਰਬਜੀਤ ਕੌਰ ਇਕ ਵੋਟ ਵੱਧ ਲੈ ਕੇ ਮੇਅਰ ਬਣ ਗਈ। ਭਾਜਪਾ ਨੂੰ 14 ਅਤੇ ਆਮ ਆਦਮੀ ਪਾਰਟੀ ਨੂੰ 13 ਵੋਟਾਂ ਮਿਲੀਆਂ ਅਤੇ ਇਕ ਵੋਟ ਰੱਦ ਕਰ ਦਿੱਤੀ ਗਈ। ਦੂਜੇ ਪਾਸੇ ਮੇਅਰ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਨੇ ਧੱਕਾਮੁੱਕੀ ਵੀ ਕੀਤੀ ਅਤੇ ਧਰਨਾ ਵੀ ਲਗਾਇਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਨੇ ਭਾਵੇਂ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ ਪ੍ਰੰਤੂ ਪਹਿਲੇ ਦਿਨ ਤੋਂ ਲੈ ਕੇ ਹੀ ਇਹ ਚਰਚਾ ਸੀ ਕਿ ਭਾਰਤੀ ਜਨਤਾ ਪਾਰਟੀ ਜੋੜ ਤੋੜ ਕਰਕੇ ਮੇਅਰ ਦੀ ਕੁਰਸੀ ‘ਤੇ ਕਬਜ਼ਾ ਕਰ ਹੀ ਲਵੇਗੀ। ਭਾਜਪਾ ਦੇ ਸੀਨੀਅਰ ਆਗੂ ਇਹੋ ਦਾਅਵਾ ਕਰਦੇ ਰਹੇ ਹਨ ਕਿ ਮੇਅਰ ਭਾਜਪਾ ਦਾ ਹੀ ਬਣੇਗਾ। ਆਮ ਆਦਮੀ ਪਾਰਟੀ ਨੇ ਭਾਜਪਾ ਉਪਰ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਗਾਇਆ। ਦੂਜੇ ਪਾਸੇ ਮੇਅਰ ਦੀ ਚੋਣ ਪ੍ਰਕਿਰਿਆ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰ ਗੈਰਹਾਜ਼ਰ ਰਹੇ।