ਬਰਨਾਲਾ,07 ਜਨਵਰੀ (ਨਿਰਮਲ ਸਿੰਘ ਪੰਡੋਰੀ) : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਕਾਫ਼ਲਾ ਰੋਕਣ ਸੰਬੰਧੀ ਸੂਬਾ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹੋਏ ਭਾਜਪਾ ਦੀ ਜ਼ਿਲਾ ਇਕਾਈ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹਏ ਜ਼ਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ
, ਸੀਨੀਅਰ ਭਾਜਪਾ ਆਗੂ ਦਰਸ਼ਨ ਸਿੰਘ ਨੈਣੇਵਾਲ, ਸੁਖਵੰਤ ਸਿੰਘ ਧਨੌਲਾ, ਗੁਰਮੀਤ ਬਾਵਾ, ਧੀਰਜ ਕੁਮਾਰ ਦੱਦਾਹੂਰ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਿਆਸੀ ਨੀਤੀ ਤਹਿਤ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਦਾਅ ’ਤੇ ਲਗਾਇਆ। ਆਗੂਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਕਰੋੜਾਂ ਰੁਪਏ ਦੇ ਨਵੇਂ ਪ੍ਰੋਜੈਕਟ ਅਤੇ ਪੈਕੇਜ ਦੇਣੇ ਸਨ, ਜੋ ਚੰਨੀ ਸਰਕਾਰ ਨੂੰ ਰਾਸ ਨਹੀਂ ਆਏ ਕਿਉਂਕਿ ਕਾਂਗਰਸ ਹਮੇਸ਼ਾ ਵਿਕਾਸ ਵਿਰੋਧੀ ਰਹੀ ਹੈ। ਉਨਾਂ ਕਿਹਾ ਕਿ ਅਗਲੀਆਂ ਚੋਣਾਂ ’ਚ ਆਪਣੀ ਹਾਰ ਯਕੀਨੀ ਦੇਖਦੇ ਹੋਏ ਕਾਂਗਰਸ ਹੋਛੇ ਹੱਥਕੰਡਿਆਂ ’ਤੇ ਉਤਰ ਆਈ ਹੈ।
ਇਸ ਮੌਕੇ ਐਸਸੀ ਮੋਰਚੇ ਦੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ, ਰਾਜਿੰਦਰ ਉਪਲ,ਹਰਿੰਦਰ ਦਾਸ ਤੋਤਾ, ਲਲਿਤ ਗਰਗ ਆਗੂ ਵੀ ਹਾਜ਼ਰ ਸਨ।
ਬਾਕਸ ਆਈਟਮ
ਭਾਜਪਾ ਦਾ ਚੰਨੀ ਸਰਕਾਰ ਖ਼ਿਲਾਫ਼ ਦਿੱਤਾ ਧਰਨਾ ਉਸ ਵੇਲੇ ਡਿਪਟੀ ਕਮਿਸ਼ਨਰ ਦੇ ਖ਼ਿਲਾਫ਼ ਹੋ ਗਿਆ ਜਦ ਡੀਸੀ ਨੇ ਭਾਜਪਾ ਆਗੂਆਂ ਤੋਂ ਮੰਗ ਪੱਤਰ ਲੈਣ ਲਈ ਮਨਾਂ ਕਰ ਦਿੱਤਾ। ਡੀਸੀ ਦੇ ਰਵੱਈਏ ਖ਼ਿਲਾਫ਼ ਭਾਜਪਾ ਆਗੂਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਪੱਤਰ ਲੈਣ ਆਏ ਤਹਿਸੀਲਦਾਰ ਨੂੰ ਮੰਗ ਪੱਤਰ ਦੇਣ ਤੋਂ ਨੲਾਂਹ ਕਰ ਦਿੱਤੀ। ਭਾਜਪਾ ਆਗੂਆਂ ਨੇ ਮਾਈਕ ਤੋਂ ਹੀ ਚਿਤਾਵਨੀ ਦਿੱਤੀ ਕਿ ਜੇਕਰ ਡੀਸੀ ਮੰਗ ਪੱਤਰ ਲੈਣ ਨਾ ਆਏ ਤਾਂ ਇਸ ਧਰਨੇ ਨੂੰ ਸੂਬਾ ਪੱਧਰੀ ਧਰਨੇ ’ਚ ਬਦਲ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਕੁਝ ਸਿਆਣੇ ਆਗੂਆਂ ਅਤੇ ਪੁਲਿਸ ਅਫ਼ਸਰਾਂ ਨੇ ਮਾਮਲੇ ਨੂੰ ਠੰਡਾ ਕਰਦੇ ਹੋਏ ਐਸਡੀਐਮ ਨੂੰ ਮੌਕੇ ’ਤੇ ਲਿਆਂਦਾ ਤਾਂ ਭਾਜਪਾ ਆਗੂਆਂ ਨੇ ਐਸਡੀਐਮ ਨੂੰ ਚੰਨੀ ਸਰਕਾਰ ਖ਼ਿਲਾਫ਼ ਮੰਗ ਪੱਤਰ ਦੇ ਕੇ ਧਰਨਾ ਖ਼ਤਮ ਕਰ ਦਿੱਤਾ।
