ਚੰਡੀਗੜ੍ਹ, 2 ਜੁਲਾਈ, Gee98 News service
-ਸਿੱਖਿਆ ਕ੍ਰਾਂਤੀ ਦੇ ਦੌਰ ਵਿੱਚ ਪੰਜਾਬ ਸਰਕਾਰ ਨਾਲ ਸੰਬੰਧਿਤ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਰਕਾਰ ਅਤੇ ਅਫਸਰਸ਼ਾਹੀ ਦੀ ਵੱਡੀ ਲਾਪਰਵਾਹੀ ਸਾਹਮਣੇ ਲਿਆਂਦੀ ਹੈ। ਇੱਕ ਹੈਰਾਨੀਜਨਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਜਿਸਟਰਾਰ ਪੰਜਾਬ ਸਟੇਟ ਵੈਟਰਨਰੀ ਕੌਂਸਲ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਵੈਟਰਨਰੀ ਡਾਕਟਰ ਦੀ ਡਿਗਰੀ ਕਰਨ ਵਾਲੇ 80 ਦੇ ਕਰੀਬ ਵਿਦਿਆਰਥੀਆਂ ਨੂੰ ਆਪਣੇ ਰਜਿਸਟਰੇਸ਼ਨ ਸਰਟੀਫਿਕੇਟ ਵਾਪਸ ਜਮਾਂ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਸਾਰੇ ਵਿਦਿਆਰਥੀ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਦੇ ‘ਕਾਲਜ ਆਫ਼ ਵੈਟਰਨਰੀ ਸਾਇੰਸ’ ਦੇ ਵਿਦਿਆਰਥੀ ਹਨ, ਇਹ ਕਾਲਜ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ (ਗਡਵਾਸੂ) ਨਾਲ ਐਫੀਲੀਏਟਡ ਹੈ। ਇਸ ਕਾਲਜ ਵਿੱਚ 80 ਦੇ ਕਰੀਬ ਵਿਦਿਆਰਥੀਆਂ ਨੇ ਪਹਿਲੇ ਬੈਚ ਦੀ ਪ੍ਰੀਖਿਆ 2025 ਵਿੱਚ ਮੁਕੰਮਲ ਕੀਤੀ, ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪੰਜਾਬ ਸਟੇਟ ਵੈਟਰਨਰੀ ਕੌਂਸਲ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਵਿਦਿਆਰਥੀਆਂ ਨੂੰ ਰਜਿਸਟਰੇਸ਼ਨ ਸਰਟੀਫਿਕੇਟ (ਵੈਟਰਨਰੀ ਡਾਕਟਰ ਦੀ ਡਿਗਰੀ) ਵੀ ਜਾਰੀ ਕਰ ਦਿੱਤੀ ਪ੍ਰੰਤੂ ਹੁਣ ਇਹ ਸਰਟੀਫਿਕੇਟ ਵਾਪਸ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਕੌਂਸਲ ਨੇ ਸਪੱਸ਼ਟ ਹੁਕਮ ਦਿੱਤੇ ਹਨ ਕਿ 2025 ਦੇ ਸਾਰੇ ਪਾਸ ਆਊਟ ਵਿਦਿਆਰਥੀ 3 ਜੁਲਾਈ 5 ਵਜੇ ਤੱਕ ਆਪਣੇ ਸਰਟੀਫਿਕੇਟ ਜਮਾਂ ਕਰਵਾ ਦੇਣ ਨਹੀਂ ਤਾਂ ਉਹਨਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੌਂਸਲ ਨੇ ਇਹਨਾਂ ਵਿਦਿਆਰਥੀਆਂ ਨੂੰ ਰਜਿਸਟਰੇਸ਼ਨ ਫੀਸ ਵਾਪਸ ਕਰਨ ਦਾ ਭਰੋਸਾ ਵੀ ਦਿੱਤਾ ਹੈ। ਵਿਦਿਆਰਥੀਆਂ ਨੂੰ ਕੀਤੇ ਗਏ ਇਹਨਾਂ ਨਾਦਰਸ਼ਾਹੀ ਹੁਕਮਾਂ ਦਾ ਕਾਰਨ ਹੈ ਕਿ ਪੰਜਾਬ ਸਰਕਾਰ ਕੋਲ ਆਪਣੇ ਇਸ ਸਰਕਾਰੀ ਕਾਲਜ ਦੀ ਮਾਨਤਾ ਹੀ ਨਹੀਂ ਹੈ।
ਹੈਰਾਨੀਜਨਕ ਮਾਮਲਾ ਹੈ ਕਿ ਪਿਛਲੇ ਪੰਜਾਂ ਸਾਲਾਂ ਦੇ ਸਮੇਂ ਦੌਰਾਨ ਪੰਜਾਬ ਸਰਕਾਰ, ਪਸ਼ੂ ਪਾਲਣ ਵਿਭਾਗ, ਕਾਲਜ ਮਨੇਜਮੈਂਟ ਵੈਟਰਨਰੀ ਕੌਂਸਲ ਆਫ਼ ਇੰਡੀਆ ਤੋਂ ਇਸ ਕਾਲਜ ਦੀ ਮਾਨਤਾ ਹੀ ਨਹੀਂ ਲੈ ਸਕੀ, ਜਦ ਕਿ ਇਸ ਕਾਲਜ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੇ ਆਪਣੀ ਡਿਗਰੀ ਵੀ ਪੂਰੀ ਕੀਤੀ ਅਤੇ ਉਹਨਾਂ ਨੂੰ ਪੰਜਾਬ ਸਟੇਟ ਵੈਟਰਨਰੀ ਕੌਂਸਲ ਵੱਲੋਂ ਸਰਟੀਫਿਕੇਟ ਵੀ ਜਾਰੀ ਕਰ ਦਿੱਤੇ ਗਏ। ਜਦੋਂ ਇਹ ਖੁਲਾਸਾ ਹੋਇਆ ਕਿ ਕਾਲਜ ਦੀ ਵੈਟਰਨਰੀ ਕੌਂਸਲ ਆਫ਼ ਇੰਡੀਆ ਤੋਂ ਮਾਨਤਾ ਹੀ ਨਹੀਂ ਲਈ ਗਈ ਤਾਂ ਪੰਜਾਬ ਸਟੇਟ ਵੈਟਰਨਰੀ ਕੌਂਸਲ ਨੇ 28 ਜੂਨ ਨੂੰ ਇੱਕ ਹੰਗਾਮੀ ਮੀਟਿੰਗ ਬੁਲਾਈ ਜਿਸ ਵਿੱਚ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਤੁਰੰਤ ਰੱਦ ਕਰ ਦਿੱਤੀ ਗਈ ਅਤੇ ਕੌਂਸਲ ਨੇ ਵਿਦਿਆਰਥੀਆਂ ਨੂੰ 3 ਜੁਲਾਈ ਤੱਕ ਆਪਣੇ ਰਜਿਸਟਰੇਸ਼ਨ ਸਰਟੀਫਿਕੇਟ ਕੌਂਸਲ ਦੇ ਦਫ਼ਤਰ ਵਿੱਚ ਜਮਾਂ ਕਰਵਾਉਣ ਦੇ ਹੁਕਮ ਚਾੜ ਦਿੱਤੇ, ਭਾਵੇਂ ਕਿ ਕੌਂਸਲ ਨੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਫੀਸ ਵਾਪਸ ਕਰਨ ਦਾ ਭਰੋਸਾ ਤਾਂ ਦਿੱਤਾ ਪ੍ਰੰਤੂ ਸਵਾਲ ਇਹ ਉੱਠਦੇ ਹਨ ਕਿ ਪੰਜ ਸਾਲ ਦੀ ਪੜ੍ਹਾਈ ਲਈ ਜਿਹੜੀ ਮਿਹਨਤ ਵਿਦਿਆਰਥੀਆਂ ਨੇ ਕੀਤੀ ਜਾਂ ਕਾਲਜ ਵਿੱਚ ਫੀਸ ਜਮਾਂ ਕਰਵਾਈ ਉਸ ਦਾ ਕੀ ਬਣੇਗਾ ?
ਵੈਟਰਨਰੀ ਕੌਂਸਲ ਆਫ਼ ਇੰਡੀਆ ਤੋਂ ਮਾਨਤਾ ਲਏ ਬਗੈਰ ਹੀ ਵਿਦਿਆਰਥੀਆਂ ਨੂੰ ਕਾਲਜ ਵਿੱਚ ਦਾਖਲਾ ਦੇਣ ਸਬੰਧੀ ਵੱਡੇ ਸਵਾਲ ਖੜੇ ਹੁੰਦੇ ਹਨ । ਦੂਜੇ ਪਾਸੇ ਕਾਲਜ ਦੇ ਰਜਿਸਟਰਾਰ ਡਾਕਟਰ ਸੁਰੇਸ਼ ਸ਼ਰਮਾ ਨੇ ਕਿਹਾ ਕਿ ਕਾਲਜ ਨੇ ਵੈਟਰਨਰੀ ਕੌਂਸਲ ਆਫ਼ ਇੰਡੀਆ ਨੂੰ ਮਾਨਤਾ ਸਬੰਧੀ ਅਪਲਾਈ ਕੀਤਾ ਹੋਇਆ ਹੈ ਅਤੇ ਇਹ ਮਾਮਲਾ ਜਲਦੀ ਹੀ ਹੱਲ ਹੋ ਜਾਵੇਗਾ ਪ੍ਰੰਤੂ ਪੰਜਾਬ ਸਟੇਟ ਵੈਟਰਨਰੀ ਕੌਂਸਲ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਜਮਾਂ ਕਰਵਾਉਣ ਦੇ ਹੁਕਮਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਨੀਂਦ ਉਡਾਈ ਹੋਈ ਹੈ। ਹੈਰਾਨੀਜਨਕ ਹੈ ਕਿ ਸਰਕਾਰ ਨੇ ਆਪਣੇ ਇੱਕ ਕਾਲਜ ਵਿੱਚ ਪੰਜ ਸਾਲ ਤੱਕ ਵਿਦਿਆਰਥੀਆਂ ਨੂੰ ਪੜਾਇਆ, ਸਰਟੀਫਿਕੇਟ ਵੀ ਜਾਰੀ ਕਰ ਦਿੱਤੇ ਪ੍ਰੰਤੂ ਇਹ ਕਿਸੇ ਨੂੰ ਚੇਤੇ ਹੀ ਨਹੀਂ ਕਿ ਇਸ ਕਾਲਜ ਦੀ ਵੈਟਰਨਰੀ ਕੌਂਸਲ ਆਫ਼ ਇੰਡੀਆ ਤੋਂ ਮਾਨਤਾ ਹੀ ਨਹੀਂ ਹੈ।