ਚੰਡੀਗੜ੍ਹ, 20 ਜੂਨ, Gee98 News service
-ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮੁੱਲਾਂਪੁਰ ਨੇੜੇ ਪਿੰਡ ਤਲਵੰਡੀ ‘ਚ ਬਣੇ ਇੱਕ ਡੇਰੇ ਦੇ ਮੁਖੀ ਸਵਾਮੀ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਇੱਕ ਪਾਸੇ ਪੁਲਿਸ ਨੇ ਸਵਾਮੀ ਸ਼ੰਕਰਾਨੰਦ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾਮਾਰੀ ਤੇਜ਼ ਕੀਤੀ ਹੋਈ ਹੈ ਉਹ ਤਾਂ ਦੂਜੇ ਪਾਸੇ ਇਲਾਕੇ ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਸ ਡੇਰੇ ਦੇ ਮੁਖੀ ਸੁਆਮੀ ਗੰਗਾਨੰਦ ਜੀ ਕਰਕੇ ਇਹ ਅਸਥਾਨ ਇਲਾਕੇ ਦੇ ਲੋਕਾਂ ਵਿੱਚ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਸੀ ਪ੍ਰੰਤੂ ਇਸ ਦੇ ਮੌਜੂਦਾ ਗੱਦੀਨਸ਼ੀਨ ਸ਼ੰਕਰਾਨੰਦ ਦੀ ਇੱਕ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਦੀ ਘਟਨਾ ਨੇ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ, ਜਿਸ ਤੋਂ ਬਾਅਦ ਇੱਕ ਸ਼ਰਧਾਲੂ ਦੇ ਬਿਆਨਾਂ ਦੇ ਅਧਾਰ ‘ਤੇ ਪੁਲਿਸ ਨੇ ਸ਼ੰਕਰਾਨੰਦ ਦੇ ਖ਼ਿਲਾਫ਼ ਮੁਕੱਦਮਾ ਵੀ ਦਰਜ ਕੀਤਾ ਹੈ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਪੁਲਿਸ ਕਾਰਵਾਈ ਤੋਂ ਬਚਣ ਲਈ ਫਰਾਰ ਹੋਏ ਸ਼ੰਕਰਾਨੰਦ ਨੂੰ ਬਚਾਉਣ ਲਈ ਸ਼ੰਕਰਾਨੰਦ ਦੇ ਇਲਾਕੇ ਨਾਲ ਸੰਬੰਧਿਤ ਅਤੇ ਉਸ ਦੀਆਂ ਡੇਰੇ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਕੁਝ ਨੇੜਲੇ ਵਿਅਕਤੀਆਂ ਵੱਲੋਂ ਕੁਝ ਅਫ਼ਸਰਾਂ ਨਾਲ ਮਿਲੀਭੁਗਤ ਕਰਕੇ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੰਕਰਾਨੰਦ ਨੂੰ ਬਚਾਉਣ ਦੀ ਜ਼ਿੰਮੇਵਾਰੀ ਡੇਰੇ ਨਾਲ ਜੁੜੇ ਕਈ ਅਫ਼ਸਰਾਂ ਨੂੰ ਸੌਂਪੀ ਗਈ ਹੈ ਜੋ ਆਪਣੇ ਪੱਧਰ ‘ਤੇ ਸਵਾਮੀ ਨੂੰ ਬਚਾਉਣ ਲਈ ਜੁਟੇ ਹੋਏ ਹਨ। ਸ਼ੰਕਰਾਨੰਦ ਬਚਾਉਣ ਲਈ ਸ਼ੰਕਰਾਨੰਦ ਦੇ ਇੱਕ ਖਾਸ ਵਿਅਕਤੀ ਦੀ ਇੱਕ ਅਫ਼ਸਰ ਨਾਲ ਆਡੀਓ ਰਿਕਾਰਡਿੰਗ ਵੀ ਸਾਹਮਣੇ ਆਉਣ ਦੀ ਚਰਚਾ ਹੈ ਜਿਸ ਨੂੰ ਜਥੇਬੰਦੀਆਂ ਵੱਲੋਂ ਆਉਣ ਵਾਲੇ ਦਿਨਾਂ ‘ਚ ਵਾਇਰਲ ਵੀ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਇਲਾਕੇ ਵਿੱਚ ਡੇਰੇ ਦੇ ਸਵਾਮੀ ਦੀ ਇਸ ਨਿੰਦਣਯੋਗ ਹਰਕਤ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਰੋਸ ਦੀ ਲਹਿਰ ਉੱਠ ਰਹੀ ਹੈ ਅਤੇ ਨਿਹੰਗ ਸਿੰਘ ਜਥੇਬੰਦੀਆਂ ਸਮੇਤ ਕਈ ਹੋਰ ਜਥੇਬੰਦੀਆਂ ਸ਼ੰਕਰਾਨੰਦ ਦੀ ਗ੍ਰਿਫ਼ਤਾਰੀ ਲਈ ਸੰਘਰਸ਼ ਦੀ ਰਣਨੀਤੀ ਉਲੀਕ ਰਹੀਆਂ ਦੱਸੀਆਂ ਰਹੀਆਂ ਹਨ। ਦੂਜੇ ਪਾਸੇ ਹਰਿਆਣਾ ਦੇ ਝੱਜਰ ਨੇੜੇ ਸਥਿਤ ਚਡੂਨੀ ਸਾਹਿਬ ਮੰਦਰ ਦੇ ਮੁਖੀ ਸ੍ਰੀਸਵਾਮੀ ਦਯਾਸਾਗਰ ਨੇ ਇਹ ਖੁਲਾਸਾ ਕੀਤਾ ਹੈ ਕਿ ਜਿਸ ਦਿਨ ਉਹਨਾਂ ਨੇ ਸ਼ੰਕਰਾਨੰਦ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਸੀ ਸ਼ੰਕਰਾਨੰਦ ਤਾਂ ਨਹੀਂ ਆਏ ਪਰੰਤੂ ਸ਼ੰਕਰਾਨੰਦ ਵੱਲੋਂ ਭੇਜੇ ਵਿਅਕਤੀ ਪੈਸਿਆਂ ਨਾਲ ਭਰਿਆ ਹੋਇਆ ਇੱਕ ਵੱਡਾ ਬੈਗ ਦਾਨ ਦੇ ਨਾਮ ‘ਤੇ ਲੈ ਕੇ ਆਏ ਸਨ ਜਿਸ ਨੂੰ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ‘ਚ ਚਰਚਾ ਇਹ ਵੀ ਹੋ ਰਹੀ ਹੈ ਕਿ ਮੁੱਲਾਂਪੁਰ ਖੇਤਰ ਦੇ ਪਿੰਡਾਂ ਨਾਲ ਸਬੰਧਿਤ ਦੋ ਵਿਅਕਤੀ ਸਵਾਮੀ ਦੀ ਅਸ਼ਲੀਲ ਵੀਡੀਓ ਡਿਲੀਟ ਕਰਨ ਸਬੰਧੀ ਡੇਰੇ ਨੂੰ 38 ਲੱਖ ਦਾ ਚੂਨਾ ਲਗਾ ਗਏ, ਇਹਨਾਂ ਗੱਲਾਂ ਸਬੰਧੀ ਭਾਵੇਂ ਪੁਲਿਸ ਕੋਈ ਪੁਸ਼ਟੀ ਨਹੀਂ ਕਰ ਰਹੀ ਪ੍ਰੰਤੂ ਮੁੱਲਾਂਪੁਰ ਖੇਤਰ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਡੇਰੇ ਦੇ ਸਵਾਮੀ ਦੀ ਅਸ਼ਲੀਲ ਵੀਡੀਓ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦੀ ਚਰਚਾ ਆਮ ਹੀ ਹੋ ਰਹੀ ਹੈ ਅਤੇ ਲੋਕ ਮੂੰਹੋਂ ਮੂੰਹੀਂ ਗੱਲਾਂ ਕਰ ਰਹੇ ਹਨ। ਇਹ ਵੀ ਸਾਹਮਣੇ ਆ ਰਿਹਾ ਕਿ ਇਹਨਾਂ ਪਿੰਡਾਂ ਦੇ ਲੋਕਾਂ ਵਿੱਚ ਸਵਾਮੀ ਦੇ ਖਿਲਾਫ ਲੋਹੜੇ ਦਾ ਰੋਸ ਹੈ ਅਤੇ ਉਹ ਪੁਲਿਸ ਤੋਂ ਸਵਾਮੀ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ ਕਿਉਂਕਿ ਇਹਨਾਂ ਲੋਕਾਂ ਦਾ ਸੁਆਮੀ ‘ਤੇ ਰੱਬ ਜਿੰਨਾ ਭਰੋਸਾ ਸੀ ਜੋ ਕਿ ਸਵਾਮੀ ਦੀਆਂ ਗੰਦੀਆਂ ਹਰਕਤਾਂ ਨੇ ਤੋੜ ਦਿੱਤਾ। ਸਵਾਮੀ ਸ਼ੰਕਰਾਨੰਦ ਦੇ ਫਰਾਰ ਹੋਣ ਤੋਂ ਬਾਅਦ ਸ੍ਰੀਸਵਾਮੀ ਦਯਾਸਾਗਰ ਨੇ ਕਿਹਾ ਕਿ ਉਹ ਤਲਵੰਡੀ ਡੇਰੇ ਦੇ ਪ੍ਰਬੰਧਾਂ ਲਈ ਜਲਦੀ ਹੀ ਕਮੇਟੀ ਦਾ ਗਠਨ ਕਰਨਗੇ ਜਿਸ ਵਿੱਚ ਸਵਾਮੀ ਸ੍ਰੀ ਗੰਗਾਨੰਦ ਦੇ ਸ਼ਰਧਾਲੂਆਂ ਸਮੇਤ ਤਲਵੰਡੀ ਦੇ ਪਿੰਡ ਦੇ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।