ਹੁਣ ਮੁੱਖ ਮੰਤਰੀ ਦੇ ਦਰਬਾਰ ‘ਚ ਪੁੱਜਿਆ ਮਾਮਲਾ
ਚੰਡੀਗੜ੍ਹ,18 ਅਪ੍ਰੈਲ, Gee98 News service
-ਸ਼ਹਿਰ ਵਿੱਚ ਵਿਕਾਸ ਕੰਮਾਂ ਦਾ ਠੇਕਾ ਦਿਵਉਣ ਲਈ ਕਮਿਸ਼ਨ ਮੰਗਣ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨਗਰ ਨਿਗਮ ਲੁਧਿਆਣਾ ਦੇ ਸੀਨੀਅਰ ਸੁਪਰਡੈਂਟ ਸੰਜੇ ਕੰਵਰ ਦੀ ਜਾਂਚ ਪੜ੍ਹਤਾਲ ਤੋਂ ਬਾਅਦ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ। ਸੰਜੇ ਕੰਵਰ ਦੀ ਪੁੱਛਗਿੱਛ ਤੋਂ ਸਾਹਮਣੇ ਆਉਣ ਵਾਲੀਆਂ ਕਈ ਅਹਿਮ ਗੱਲਾਂ ਸਬੰਧੀ ਭਾਵੇਂ ਵਿਜੀਲੈਂਸ ਦੇ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ ਪ੍ਰੰਤੂ ਭਰੋਸੇਯੋਗ ਸੂਤਰਾਂ ਅਨੁਸਾਰ ਜਾਂਚ ਪੜਤਾਲ ਵਿੱਚ ਇੱਕ ਵੱਡੇ “ਸਿਆਸੀ ਨੇਤਾ” ਅਤੇ ਇੱਕ ਸੀਨੀਅਰ ਆਈਏਐਸ ਅਧਿਕਾਰੀ ਦਾ ਨਾਮ ਸਾਹਮਣੇ ਆ ਰਿਹਾ ਹੈ। ਸੂਤਰਾਂ ਅਨੁਸਾਰ ਸੰਜੇ ਕੰਵਰ ਤੋਂ ਕੀਤੀ ਗਈ ਜਾਂਚ ਪੜ੍ਹਤਾਲ ਦੀ ਸਾਰੀ ਜਾਣਕਾਰੀ ਵਿਜੀਲੈਂਸ ਅਧਿਕਾਰੀਆਂ ਨੇ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਦਿੱਤੀ ਹੈ, ਜਿੱਥੋਂ ਇਸ ਮਾਮਲੇ ‘ਚ ਅਗਲੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਨਗਰ ਨਿਗਮ ਲੁਧਿਆਣਾ ਦੇ ਸੀਨੀਅਰ ਸੁਪਰਡੈਂਟ ਸੰਜੇ ਕੰਵਰ ਨੂੰ ਵਿਜੀਲੈਂਸ ਨੇ 9 ਕਰੋੜ ਰੁਪਏ ਦੇ ਟੈਂਡਰ ਮਾਮਲੇ ਵਿੱਚ 10 ਫੀਸਦੀ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ ਜਿਸ ਦੀ ਆਡੀਓ ਵਾਇਰਲ ਹੋਈ ਸੀ। ਇਹ ਆਡੀਓ ਇੱਕ ਠੇਕੇਦਾਰ ਨੇ ਵਾਇਰਲ ਕੀਤੀ ਜਿਸ ਤੋਂ ਸੰਜੇ ਕੰਵਰ ਵਿਕਾਸ ਕੰਮਾਂ ਦਾ ਠੇਕਾ ਦਿਵਾਉਣ ਬਦਲੇ 10 ਫੀਸਦੀ ਕਮਿਸ਼ਨ ਮੰਗ ਰਿਹਾ ਸੀ। ਸੰਜੇ ਕੰਵਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਦ ਵਿਜੀਲੈਂਸ ਅਧਿਕਾਰੀਆਂ ਨੇ ਡੁੰਘਾਈ ਨਾਲ ਪੜ੍ਹਤਾਲ ਕੀਤੀ ਤਾਂ ਇਸ ਮਾਮਲੇ ਵਿੱਚ ਇੱਕ ਨੇਤਾ ਅਤੇ ਇੱਕ ਆਈਏਐਸ ਅਧਿਕਾਰੀ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਸ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਨੇ ਚੁੱਪੀ ਧਾਰ ਲਈ ਹੈ ਅਤੇ ਇਹ ਮਾਮਲਾ ਮੁੱਖ ਮੰਤਰੀ ਦਫ਼ਤਰ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਦੂਜੇ ਪਾਸੇ ਵਿਜੀਲੈਂਸ ਅਧਿਕਾਰੀਆਂ ਨੇ ਸੰਜੇ ਕੰਵਰ ਦੀ ਆਮਦਨ ਅਤੇ ਹੋਰ ਚੀਜ਼ਾਂ ਦੀ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ। ਪੜ੍ਹਤਾਲ ਤੋਂ ਬਾਅਦ ਖੁਲਾਸਾ ਹੋਇਆ ਕਿ ਇਸ ਮਾਮਲੇ ਨਾਲ ਸੰਬੰਧਿਤ ਕਈ ਫਾਈਲਾਂ ਵੀ ਗਾਇਬ ਦੱਸੀਆਂ ਜਾ ਰਹੀਆਂ ਹਨ। ਹੁਣ ਸਭ ਦੀਆਂ ਨਜ਼ਰਾਂ ਇਸੇ ਵੱਲ ਟਿਕੀਆਂ ਹੋਈਆਂ ਹਨ ਕਿ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਦੇ ਦਫ਼ਤਰ ਨੂੰ ਸੰਜੇ ਕੰਵਰ ਤੋਂ ਕੀਤੀ ਪੁੱਛ ਪੜ੍ਹਤਾਲ ਦੀ ਜਾਣਕਾਰੀ ਭੇਜਣ ਤੋਂ ਬਾਅਦ ਅਗਲੇਰੀ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਇਸ ਮਾਮਲੇ ਵਿੱਚ ਇੱਕ ਵੱਡੇ ਨੇਤਾ ਤੇ ਸੀਨੀਅਰ ਆਈਏਐਸ ਅਧਿਕਾਰੀ ਦਾ ਨਾਮ ਸਾਹਮਣੇ ਆ ਰਿਹਾ ਹੈ।