ਬਰਨਾਲਾ, 29 ਜਨਵਰੀ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੀ ਇੱਕ ਅਦਾਲਤ ਨੇ ਘਰ ਦੀ ਕੱਢੀ ਸ਼ਰਾਬ, ਚਾਲੂ ਭੱਠੀ ਅਤੇ 15 ਕਿਲੋ ਲਾਹਣ ਫੜਨ ਦੇ ਇੱਕ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਬਰਨਾਲਾ ਵੱਲੋਂ ਵਕੀਲ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਕੁਲਦੀਪ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਚੰਨਣਵਾਲ ਨੂੰ ਥਾਣਾ ਮਹਿਲ ਕਲਾਂ ਵਿਖੇ 30 ਅਗਸਤ 2018 ਨੂੰ ਪੰਜਾਬ ਐਕਸਾਈਜ਼ ਐਕਟ ਤਹਿਤ ਦਰਜ ਹੋਏ ਇੱਕ ਮਾਮਲੇ ਵਿੱਚੋਂ ਬਰੀ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਧੀਰਜ ਕੁਮਾਰ ਨੇ ਦੱਸਿਆ ਕਿ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਚੰਨਣਵਾਲ ਤੋਂ ਟੱਲੇਵਾਲ ਨੂੰ ਜਾਂਦੇ ਕੱਚੇ ਰਸਤੇ ‘ਤੇ ਪੰਚਾਇਤੀ ਜ਼ਮੀਨ ਦੀ ਮੋਟਰ ‘ਤੇ ਕੁਲਦੀਪ ਸਿੰਘ ਨੂੰ ਭੱਠੀ ਚਲਾ ਕੇ ਘਰ ਦੀ ਸ਼ਰਾਬ ਕੱਢਣ ਦੇ ਅਤੇ 15 ਕਿਲੋ ਲਾਹਣ ਸਮੇਤ ਕਾਬੂ ਕਰਨ ਦਾ ਦਾਅਵਾ ਕਰਦੇ ਹੋਏ ਉਕਤ ਮਾਮਲਾ ਦਰਜ ਕੀਤਾ ਸੀ। ਇਸ ਕੇਸ ਦੀ ਸੁਣਵਾਈ ਦੌਰਾਨ ਮਾਨਯੋਗ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਕਿ “ਗਵਾਹਾਂ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਐਕਸਾਈਜ਼ ਇੰਸਪੈਕਟਰ ਅਦਾਲਤ ਵਿੱਚ ਲਾਹਣ, ਕਾੜਾ ਅਤੇ ਅਰਕ ਦੇ ਫਰਕ ਦੱਸਣ ਵਿੱਚ ਅਸਫਲ ਰਿਹਾ ਅਤੇ ਕੇਸ ਵਿੱਚ ਕਈ ਹੋਰ ਕਾਨੂੰਨੀ ਖਾਮੀਆਂ ਦੀ ਬਦੌਲਤ ਅਦਾਲਤ ਨੇ ਮੁਲਜ਼ਮ ਕੁਲਦੀਪ ਸਿੰਘ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ।