ਬਰਨਾਲਾ, 4 ਜਨਵਰੀ ( ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਕਿਸਾਨਾਂ ਨਾਲ ਭਰੀ ਇੱਕ ਬੱਸ ਪਲਟਣ ਕਰਕੇ ਤਿੰਨ ਕਿਸਾਨਾਂ ਦੀ ਮੌਤ ਅਤੇ 35 ਤੋਂ ਵਧੇਰੇ ਕਿਸਾਨਾਂ ਦੇ ਜ਼ਖਮੀ ਹੋਣ ਦੇ ਦੁਖਦਾਈ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਜਿਲੇ ਦੇ ਕਸਬਾ ਭਗਤਾ ਭਾਈਕਾ ਦੇ ਨੇੜੇ ਪਿੰਡ ਕੋਠਾ ਗੁਰੂ ਤੋਂ ਬੀਕੇਯੂ ਉਗਰਾਹਾਂ ਦੀ ਜਥੇਬੰਦੀ ਦੇ ਵਰਕਰ ਇੱਕ ਬੱਸ ਵਿੱਚ ਸਵਾਰ ਹੋ ਕੇ ਹਰਿਆਣਾ ਦੇ ਕਸਬਾ ਟੋਹਾਣਾ ਵਿਖੇ ਹੋ ਰਹੀ ਸੰਯੁਕਤ ਕਿਸਾਨ ਮੋਰਚਾ ਦੀ ਮਹਾਂਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ। ਕਿਸਾਨਾਂ ਦੀ ਇਹ ਬੱਸ ਬਠਿੰਡਾ ਚੰਡੀਗੜ੍ਹ ਰੋਡ ਬਰਨਾਲਾ ਬਾਈਪਾਸ ਪੁੱਜੀ ਤਾਂ ਗਹਿਰੀ ਧੁੰਦ ਹੋਣ ਕਾਰਨ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਪਿੰਡ ਕੋਠਾ ਗੁਰੂ ਨਾਲ ਸਬੰਧਿਤ ਤਿੰਨ ਕਿਸਾਨ ਮਹਿਲਾਵਾਂ ਬਲਵੀਰ ਕੌਰ ਪਤਨੀ ਬੰਤ ਸਿੰਘ,ਸਰਬਜੀਤ ਕੌਰ ਪਤਨੀ ਸੁੱਖਾ ਸਿੰਘ ਅਤੇ ਜਸਵੀਰ ਕੌਰ ਪਤਨੀ ਜੀਤ ਸਿੰਘ ਦੀ ਮੌਤ ਹੋ ਗਈ ਅਤੇ 35 ਤੋਂ ਵਧੇਰੇ ਕਿਸਾਨ ਸਖ਼ਤ ਜ਼ਖਮੀ ਹੋ ਗਏ। ਮੌਕੇ ‘ਤੇ ਪੁੱਜੇ ਲੋਕਾਂ ਨੇ ਜ਼ਖਮੀਆਂ ਨੂੰ ਸਿਵਿਲ ਹਸਪਤਾਲ ਬਰਨਾਲਾ ਪੁੱਜਦਾ ਕੀਤਾ, ਜਿੱਥੋਂ 15 ਦੇ ਕਰੀਬ ਗੰਭੀਰ ਜ਼ਖਮੀਆਂ ਨੂੰ ਏਮਜ ਬਠਿੰਡਾ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ। ਕਿਸਾਨਾਂ ਨਾਲ ਭਰੀ ਬੱਸ ਨਾਲ ਹੋਏ ਹਾਦਸੇ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਸੋਸ਼ਲ ਮੀਡੀਆ ‘ਤੇ ਫੈਲੀ ਜਿਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸਿਵਿਲ ਹਸਪਤਾਲ ਬਰਨਾਲਾ ਵਿਖੇ ਪੁੱਜਣੇ ਸ਼ੁਰੂ ਹੋ ਗਏ। ਸਿਵਲ ਹਸਪਤਾਲ ਬਰਨਾਲਾ ਵਿਖੇ ਐਸਐਮਓ ਡਾਕਟਰ ਜੋਤੀ ਕੌਸਲ ਦੀ ਅਗਵਾਈ ਹੇਠ ਡਾਕਟਰਾਂ ਅਤੇ ਮੈਡੀਕਲ ਸਟਾਫ ਨੇ ਜ਼ਖਮੀਆਂ ਦਾ ਤਨਦੇਹੀ ਨਾਲ ਇਲਾਜ ਕੀਤਾ ਅਤੇ ਗੰਭੀਰ ਜ਼ਖਮੀਆਂ ਨੂੰ ਜਲਦੀ ਨਾਲ ਰੈਫਰ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਐਂਬੂਲੈਂਸ ਗੱਡੀਆਂ ਸਿਵਲ ਹਸਪਤਾਲ ਬਰਨਾਲਾ ਪੁੱਜੀਆਂ ਤੇ ਜ਼ਖਮੀਆਂ ਨੂੰ ਲੈ ਕੇ ਬਠਿੰਡਾ ਅਤੇ ਫਰੀਦਕੋਟ ਲਈ ਰਵਾਨਾ ਹੋਈਆਂ। ਇਸ ਮੌਕੇ ਪ੍ਰਸ਼ਾਸਨ ਵੱਲੋਂ ਐਸਡੀਐਮ ਸ੍ਰੀ ਰਿਸ਼ਵ ਬਾਂਸਲ ਤੇ ਤਹਿਸੀਲਦਾਰ ਰਕੇਸ਼ ਕੁਮਾਰ ਗਰਗ ਵੀ ਮੌਕੇ ‘ਤੇ ਪੁੱਜੇ ਹੋਏ ਸਨ। ਇਸ ਹਾਦਸੇ ਬਾਰੇ ਪਤਾ ਲੱਗਦੇ ਹੀ ਸ਼ਹਿਰ ਦੀਆਂ ਸਮਾਜਸੇਵੀ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਖਮੀਆਂ ਅਤੇ ਉਨਾਂ ਦੇ ਵਾਰਸਾਂ ਲਈ ਲੰਗਰ ਅਤੇ ਚਾਹ ਬਰੈੱਡਾਂ ਦਾ ਪ੍ਰਬੰਧ ਵੀ ਤੁਰੰਤ ਕੀਤਾ ਗਿਆ। ਇਸ ਮੌਕੇ ਭਾਈਚਾਰੇ ਦੀ ਇੱਕ ਵੱਡੀ ਮਿਸਾਲ ਵੇਖਣ ਨੂੰ ਮਿਲੀ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਸਿਵਲ ਹਸਪਤਾਲ ਵਿੱਚ ਜ਼ਖਮੀਆਂ ਲਈ ਲੋੜ ਪੈਣ ‘ਤੇ ਖੂਨਦਾਨ ਦੇਣ ਲਈ ਪੁੱਜੇ ਹੋਏ ਸਨ। ਹਾਦਸੇ ਵਿੱਚ ਮਰਨ ਵਾਲੀਆਂ ਕਿਸਾਨ ਮਹਿਲਾਵਾਂ ਦੀ ਉਮਰ ਲਗਭਗ 65 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜੋ ਤਿੰਨੇ ਹੀ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਸਨ। ਕਿਸਾਨਾਂ ਨਾਲ ਭਰੀ ਇਸ ਬੱਸ ਨਾਲ ਵਾਪਰੇ ਹਾਦਸੇ ਕਾਰਨ ਕਿਸਾਨ ਮਜ਼ਦੂਰ ਜਥੇਬੰਦੀਆਂ ਵਿੱਚ ਸੋਗ ਦੀ ਲਹਿਰ ਹੈ।