ਚੰਡੀਗੜ੍ਹ 2 ਜਨਵਰੀ, Gee98 news service
-ਪੰਜਾਬ ‘ਚ ਕੁਝ ਸਮਾਂ ਪਹਿਲਾਂ ਹੋਈਆਂ ਪੰਚਾਇਤ ਚੋਣਾਂ ‘ਚ ਚੁਣੇ ਗਏ ਤਜਰਬੇਕਾਰ ਅਤੇ ਪੜੇ ਲਿਖੇ ਸਰਪੰਚਾਂ ਨੇ ਆਪਣੀ ਕਾਬਲੀਅਤ ਦੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਲੱਗਭੱਗ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਵਿੱਚੋਂ ਕਿਸੇ ਪੰਚਾਇਤ ਵੱਲੋਂ ਲਏ ਸਮਾਜ ਪੱਖੀ ਫੈਸਲਿਆਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦੀ ਪੰਚਾਇਤ ਨੇ ਪਿੰਡ ਦੀ ਗ੍ਰਾਮ ਸਭਾ ਦੇ ਇਜਲਾਸ ਦੌਰਾਨ ਕੁਝ ਮਹੱਤਵਪੂਰਨ ਫੈਸਲੇ ਕਰਕੇ ਸਮੁੱਚੇ ਪੰਜਾਬ ਦਾ ਧਿਆਨ ਖਿੱਚਿਆ ਹੈ।
ਗ੍ਰਾਮ ਪੰਚਾਇਤ ਬੱਲ੍ਹੋ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਦੀ ਅਗਵਾਈ ਹੇਠ ਹੋਏ ਆਮ ਇਜਲਾਸ ‘ਚ ਪੰਚਾਇਤ ਨੇ ਵਿਆਹਾਂ ‘ਤੇ ਹੁੰਦੀ ਫਜ਼ੂਲ ਖਰਚੇ ਰੋਕਣ ਲਈ ਸਾਦੇ ਢੰਗ ਨਾਲ ਵਿਆਹ-ਸਾਹੇ ਕਰਨ ਦੀ ਚੇਟਕ ਲਾਉਣ ਲਈ ਗ੍ਰਾਮ ਸਭਾ ਦੇ ਮੈਬਰਾਂ ਦੀ ਸਹਿਮਤੀ ਨਾਲ ਅਹਿਮ ਫ਼ੈਸਲਾ ਲੈਂਦਿਆਂ ਮਤਾ ਪਾਸ ਕੀਤਾ ਕਿ ਜੋ ਪਰਿਵਾਰ ਨਸ਼ਾ ਰਹਿਤ ਅਤੇ ਬਗੈਰ DJ ਲਾਉਣ ਤੋਂ ਸਾਦੇ ਢੰਗ ਨਾਲ ਵਿਆਹ ਕਰੇਗਾ ਤਾਂ ਪੰਚਾਇਤ 21000 ਰੁਪਏ ਦਾ ਸ਼ਗਨ ਦੇਵੇਗੀ। ਲੋਕਾਂ ਨੂੰ ਜ਼ਹਿਰ ਮੁਕਤ ਸਬਜੀਆਂ ਦੇਣ ਲਈ ਗੁਰੂ ਨਾਨਕ ਬਗੀਚੀ ਸਕੀਮ ਤਹਿਤ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਗ੍ਰਾਮ ਪੰਚਾਇਤ ਮੁਫਤ ‘ਚ ਸਬਜੀਆਂ ਤੇ ਫਲਾਂ ਦੀ ਬੀਜ ਦੇਵੇਗੀ। ਪੰਚਾਇਤ ਨੇ ਬੇਜ਼ਮੀਨੇ ਤੇ ਢਾਈ ਏਕੜ ਤੋ ਘੱਟ ਜਮੀਨ ਵਾਲੇ ਪਰਿਵਾਰ ਦੀ ਚੋਣ ਕਰਕੇ ਬਾਇਉ ਗੈਸ ਪਲਾਂਟ ਲਾਉਣ ਦਾ ਮਤਾ ਵੀ ਪਾਸ ਕਰ ਦਿੱਤਾ। ਇੱਕ ਵਿਲੱਖਣ ਫੈਸਲਾ ਕਰਦੇ ਹੋਏ ਪਿੰਡ ਬੱਲ੍ਹੋ ਦੀ ਗ੍ਰਾਮ ਸਭਾ ਦੌਰਾਨ ਪੰਚਾਇਤ ਨੇ ਪਿੰਡ ‘ਚ ਚੰਗੇ ਕਾਰਜਾਂ ਲਈ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ “ਮੈਨ ਆਫ ਦਾ ਵਿਲੇਜ ਤੇ ਵੂਮੈਨ ਆਫ ਦਾ ਵਿਲੇਜ” ਚੁਣ ਕੇ 11 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ। ਇਹ ਸਨਮਾਨ ਉਨਾਂ ਲੋਕਾਂ ਨੂੰ ਮਿਲੇਗਾ ਜੋ ਗ੍ਰਾਮ ਪੰਚਾਇਤ ਦੇ ਵਿਕਾਸ ਕਾਰਜਾਂ ਦੇ ਕੰਮਾਂ ਅਤੇ ਲੜਾਈ ਝਗੜੇ ਦੇ ਕੇਸਾਂ ਨੂੰ ਸਲਝਾਉਣ ਲਈ ਯੋਗਦਾਨ ਪਾਏਗਾ ਤੇ ਔਰਤਾਂ ਦੇ ਕੇਸਾਂ ‘ਚ ਔਰਤਾਂ ਦੇ ਹਿੱਤ ਲਈ ਕੰਮ ਕਰਨ ਤੇ ਭਲਾਈ ਸਕੀਮਾਂ ਦਾ ਲਾਭ ਦਿਵਾਉਣਾ ਸ਼ਾਮਲ ਹੈ। ਹੋਰ ਫੈਸਲਿਆਂ ‘ਚ ਪਿੰਡ ਦੇ ਜੋ ਬੱਚੇ PCS ਤੇ IAS ਦੀ ਪੜਾਈ ਕਰਨਗੇ ਉਨਾਂ ਦੀ ਫੀਸ ਗ੍ਰਾਮ ਪੰਚਾਇਤ ਭਰੇਗੀ। ਇਸ ਤੋਂ ਇਲਾਵਾ ਦੁਕਾਨਾਂ ‘ਤੇ ਸਟਿੰਗ ਤੇ ਕੂਲਿੱਪ ਵੇਚਣ ‘ਤੇ ਪਾਬੰਦੀ ਹੋਵੇਗੀ। ਵਿਕਾਸ ਕਾਰਜਾਂ ਦੇੇ ਹੋੋਏੇ ਖਰਚੇ ਦੀ ਸੂਚੀ ਪ੍ਰੋਜੈਕਟ ਵਾਲੀ ਜਗ੍ਹਾ ‘ਤੇ ਨਸ਼ਰ ਕੀਤੀ ਜਾਵੇਗੀ। ਸਰਪੰਚ ਅਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਏ ਆਮ ਇਜਲਾਸ ਦੀ ਮੀਟਿੰਗ ‘ਚ ਟਿਕਾਊ ਵਿਕਾਸ ਦੇ 9 ਟੀਚਿਆਂ ‘ਚੋਂ ਛੇ ਥੀਮਾਂ ਨੂੰ ਜੀ ਪੀ ਡੀ ਪੀ ‘ਚ ਸ਼ਾਮਲ ਕਰਕੇ ਸਾਲ 2025-26 ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦਾ ਅਨੁਮਾਨਤ ਬਜਟ 98 ਲੱਖ 74 ਹਜਾਰ ਰੁਪਏ ਦਾ ਪਾਸ ਕੀਤਾ ਗਿਆ। ਜੀ ਪੀ ਡੀ ਪੀ ਪਲਾਨ ‘ਚ ਛੱਪੜਾਂ ਨੂੰ ਥਾਪਰ ਮਾਡਲ ਬਣਾਉਣਾ, ਖੇਡ ਮੈਦਾਨ, ਆਂਗਣਵਾੜੀ ਸੈਟਰ, ਇਮਾਰਤ, ਗਲੀਆਂ-ਨਾਲੀਆ ਦੀ ਉਸਾਰੀ, ਮਗਨਰੇਗਾ ਭਵਨ, ਸਰਕਾਰੀ ਸਕੂਲਾਂ ਦੇ ਹੋਣ ਵਾਲੇ ਕੰਮ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਪਸ਼ੂ ਹਸਪਤਾਲ ਦੀ ਚਾਰਦੀਵਾਰੀ ਉੱਚੀ ਕਰਨਾ, ਪਾਰਕ, ਜਾਗਰੂਕਤਾ ਕੈਂਪ, ਜੈਵਿਕ ਖਾਦ ਦੇ ਪਿਟ, ਸੁੱਕੇ ਗਿੱਲੇ ਕੂੜੇ ਦੇ ਪ੍ਰਬੰਧ, ਪਲਾਸਟਿਕ ਵੇਸਟ ਮੈਨੇਜਮੈਟ ਯੂਨਿਟ, ਜਿੰਮ ਦਾ ਕਮਰਾ ਤੇ ਸਮਾਨ, ਨਰਸਰੀਆਂ ਦਾ ਨਿਰਮਾਣ ਕਰਨਾ ਸ਼ਾਮਿਲ ਹੈ। ਇਸ ਤੋਂ ਇਲਾਵਾ ਸਮੂਹ ਸਹਾਇਤਾਂ ਗਰੁੱਪਾਂ ਦਾ ਨਿਰਮਾਣ, ਨਰੇਗਾ ਮਜਦੂਰਾਂ ਨੂੰ ਕੰਮ ਦੇਣਾ ਤੇ ਵਾਤਾਵਰਣ ਨਾਲ ਸਬੰਧਤ ਕੰਮਾਂ ਦੇ ਮਤੇ ਗ੍ਰਾਮ ਸਭਾ ਦੇ ਮੈਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤੇ ਗਏ।