ਚੰਡੀਗੜ੍ਹ, 24 ਦਸੰਬਰ, Gee98 News service
-ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ TRAI ਨੇ ਮੋਬਾਇਲ ਉਪਭੋਗਤਾਵਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। TRAI ਨੇ ਮੋਬਾਇਲ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਸਿਰਫ਼ “ਵੋਇਸਕਾਲ ਅਤੇ ਐਸਐਮਐਸ” ਲਈ ਵੱਖਰਾ ਰੀਚਾਰਜ਼ ਪਲਾਨ ਜਾਰੀ ਕਰਨ ਤਾਂ ਜੋ ਉਪਭੋਗਤਾਵਾਂ ਨੂੰ ਡਾਟਾ ਪਲਾਨ ਦੇ ਵਾਧੂ ਪੈਸੇ ਨਾ ਦੇਣੇ ਪੈਣ। ਇਸ ਤੋਂ ਪਹਿਲਾਂ ਮੋਬਾਈਲ ਵਰਤਣ ਵਾਲੇ ਉਹਨਾਂ ਉਪਭੋਗਤਾਵਾਂ ਨੂੰ ਵੀ ਡਾਟਾ ਪਲਾਨ ਰੀਚਾਰਜ ਖਰੀਦਣਾ ਪੈਂਦਾ ਸੀ ਜਿਹੜੇ 2G ਅਤੇ ਸਧਾਰਨ ਫੋਨ ਦੀ ਵਰਤੋਂ ਕਰਦੇ ਹਨ। ਹੁਣ ਸਧਾਰਨ ਫੋਨ ਦੀ ਵਰਤੋਂ ਕਰਨ ਵਾਲੇ ਅਤੇ 2G ਨੈਟਵਰਕ ਦੀ ਵਰਤੋਂ ਕਰਨ ਵਾਲਿਆਂ ਨੂੰ ਸਿਰਫ ਗੱਲਬਾਤ ਕਰਨ ਲਈ ਜਾਂ ਐਸਐਮਐਸ ਲਈ ਵੱਖਰਾ ਰੀਚਾਰਜ ਮਿਲੇਗਾ ਅਤੇ ਅਜਿਹੇ ਉਪਭੋਗਤਾਵਾਂ ਲਈ ਹੁਣ ਇੰਟਰਨੈਟ ਪਲਾਨ ਦੀ ਲੋੜ ਨਹੀਂ ਹੋਵੇਗੀ। TRAI ਦੇ ਇਸ ਫੈਸਲੇ ਤੋਂ ਬਾਅਦ ਖਪਤਕਾਰਾਂ ਨੂੰ ਸਿਰਫ਼ ਉਹਨਾਂ ਸੇਵਾਵਾਂ ਲਈ ਹੀ ਭੁਗਤਾਨ ਕਰਨਾ ਪਵੇਗਾ ਜੋ ਉਹ ਆਮ ਤੌਰ ‘ਤੇ ਵਰਤਦੇ ਹਨ। ਇਹ ਫੈਸਲਾ ਕਰਨ ਤੋਂ ਪਹਿਲਾਂ ਸਲਾਹ ਮਸ਼ਵਰੇ ਦੌਰਾਨ TRAI ਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਮਿਲੀਆਂ ਜਿਵੇਂ ਕਿ ਬਹੁਤ ਸਾਰੇ ਲੋਕ ਜਿਨਾਂ ਦੇ ਘਰਾਂ ਵਿੱਚ ਬਰਾਂਡਬੈਂਡ ਕਨੈਕਸ਼ਨ ਹੈ ਉਹਨਾਂ ਨੂੰ ਆਪਣੇ ਮੋਬਾਈਲ ਫੋਨਾਂ ਲਈ ਇੰਟਰਨੈਟ ਨਾਲ ਰੀਚਾਰਜ ਪਲਾਨ ਦੀ ਲੋੜ ਨਹੀਂ ਹੁੰਦੀ। ਹਾਲਾਂਕਿ TRAI ਨੇ ਟੈਲੀਕਾਮ ਕੰਪਨੀਆਂ ਨੂੰ ਸਿਰਫ਼ “voicecall and sms” ਰੀਚਾਰਜ ਕਿਸੇ ਵੀ ਕੀਮਤ ‘ਤੇ ਰੀਚਾਰਜ਼ ਕੂਪਨ (ਪਲਾਨ) ਜਾਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਉਹਨਾਂ ਨੂੰ ਘੱਟੋ ਘੱਟ 10 ਰੁਪਏ ਦਾ ਰੀਚਾਰਜ ਪਲਾਨ ਵੀ ਜਾਰੀ ਕਰਨਾ ਹੋਵੇਗਾ।