ਚੰਡੀਗੜ੍ਹ, 22 ਦਸੰਬਰ, Gee98 news service
-ਪੰਜਾਬ ‘ਚ ਬੀਤੇ ਕੱਲ੍ਹ ਸੰਪੰਨ ਹੋਈਆਂ ਨਗਰ ਨਿਗਮਾਂ ਦੀਆਂ ਚੋਣਾਂ ਦੇ ਕਈ ਦਿਲਚਸਪ ਪੱਖ ਅਜਿਹੇ ਸਾਹਮਣੇ ਆਏ ਹਨ ਜਿਹੜੇ ਪੰਜਾਬ ਦੀ ਰਾਜਨੀਤੀ ਨਾਲ ਹਮੇਸ਼ਾ ਜੁੜੇ ਰਹਿਣਗੇ। ਇਹ ਪਹਿਲੀ ਵਾਰ ਹੈ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਦੇ ਵੋਟਰਾਂ ਨੇ ਸੱਤਾਧਾਰੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਦਿੱਤਾ ਜਦਕਿ ਪਟਿਆਲਾ ‘ਚ ਸੱਤਾਧਾਰੀ ਪਾਰਟੀ ਨੂੰ ਬਹੁਮਤ ਮਿਲਿਆ ਹੈ। ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ‘ਚ ਆਮ ਆਦਮੀ ਪਾਰਟੀ ਜਾਂ ਕਾਂਗਰਸ ਆਪਣੇ ਪੱਧਰ ‘ਤੇ ਮੇਅਰ ਬਣਾਉਣ ਲਈ ਲੋੜੀਦੀਆਂ ਸੀਟਾਂ ਪ੍ਰਾਪਤ ਨਹੀਂ ਕਰ ਸਕੇ। ਨਗਰ ਨਿਗਮ ਦੀਆਂ ਚੋਣਾਂ ‘ਚ ਇੱਕ ਦੂਜੇ ਨੂੰ ਰੱਜ ਕੇ ਭੰਡਣ ਵਾਲੇ ਕਾਂਗਰਸੀ ਅਤੇ ਆਪ ਆਗੂ ਹੁਣ ਮੇਅਰ ਦੀ ਚੋਣ ਵਿੱਚ ਇੱਕ ਦੂਜੇ ਨਾਲ ਜੱਫੀਆਂ ਪਾਉਂਦੇ ਦੇਖੇ ਜਾਣਗੇ ਕਿਉਂਕਿ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਬਿਨਾਂ ਗੱਠਜੋੜ ਤੋਂ ਕਿਸੇ ਪਾਰਟੀ ਦਾ ਮੇਅਰ ਨਹੀਂ ਚੁਣਿਆ ਜਾ ਸਕੇਗਾ। ਇਨਾਂ ਵੱਡੇ ਸ਼ਹਿਰਾਂ ਵਿੱਚ ਆਪ ਅਤੇ ਕਾਂਗਰਸ ਚੰਡੀਗੜ੍ਹ ਵਾਲੀ ਰਣਨੀਤੀ ਅਨੁਸਾਰ ਅੱਗੇ ਵਧਣਗੀਆਂ। ਉੰਝ ਭਾਵੇਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ‘ਚ ਦੋਵੇਂ ਪਾਰਟੀਆਂ ਆਹਮੋ ਸਾਹਮਣੇ ਹਨ ਅਤੇ ਇੱਕ ਦੂਜੇ ਨੂੰ ਰੱਜ ਕੇ ਭੰਡਣਾ ਵੀ ਸ਼ੁਰੂ ਕਰ ਦਿੱਤਾ ਹੈ ਪ੍ਰੰਤੂ ਪੰਜਾਬ ‘ਚ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੀਆਂ ਸਥਾਨਕ ਸੰਸਥਾਵਾਂ ‘ਤੇ ਕਬਜ਼ਾ ਕਰਨ ਦੀ ਖ਼ਾਤਰ ਆਪ ਅਤੇ ਕਾਂਗਰਸ ਬਗਲਗੀਰ ਹੋਣਗੀਆਂ। ਇਹਨਾਂ ਚੋਣਾਂ ਦਾ ਇੱਕ ਦੂਜਾ ਦਿਲਚਸਪ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ ਲੁਧਿਆਣਾ ਦੇ ਵੋਟਰਾਂ ਨੇ ਲੁਧਿਆਣਾ ਦੇ ਕੁਝ ਆਪਣੇ ਆਪ ਨੂੰ ਧਾਕੜ ਸ਼ੋਅ ਕਰਨ ਵਾਲੇ ਨੇਤਾਵਾਂ ਨੂੰ ਉਹਨਾਂ ਦੀ ਔਕਾਤ ਦਿਖਾਉਂਦੇ ਹੋਏ ਉਹਨਾਂ ਦੀਆਂ ਘਰਵਾਲੀਆਂ ਨੂੰ ਚੋਣ ਹਰਾ ਦਿੱਤੀ ਹੈ। ਲੁਧਿਆਣਾ ਨਗਰ ਨਿਗਮ ਚੋਣਾਂ ‘ਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ 168 ਵੋਟਾਂ ਨਾਲ ਹਾਰ ਗਈ। ਲੁਧਿਆਣਾ ਨਿਗਮ ਚੋਣਾਂ ਵਿੱਚ ਆਪ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ ਦੀ ਪਤਨੀ ਮੀਨੂੰ ਪਰਾਸ਼ਰ 574 ਵੋਟਾਂ ਨਾਲ ਚੋਣ ਹਾਰ ਗਏ ਸਨ ਅਤੇ ਗੁਰਪ੍ਰੀਤ ਗੋਗੀ ਦੀ ਪਤਨੀ ਸੁਖਚੈਨ ਬੱਸੀ 86 ਵੋਟਾਂ ਨਾਲ ਚੋਣ ਹਾਰ ਗਏ ਸਨ। ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਦੀ ਹਾਰ ਬਾਰੇ ਤਾਂ ਕਿਹਾ ਜਾ ਸਕਦਾ ਹੈ ਕਿ ਆਸ਼ੂ ‘ਤੇ ਘਪਲੇ ਦੇ ਵੱਡੇ ਦੋਸ਼ ਲੱਗੇ ਹਨ ਜਿਹਨਾਂ ‘ਚੋਂ ਬਾਹਰ ਨਿਕਲਣ ਦੇ ਲਈ ਅਜੇ ਸਮਾਂ ਲੱਗੇਗਾ ਪ੍ਰੰਤੂ ਆਪ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਨੂੰ ਇਹ ਹਾਰ ਜਲਦੀ ਹਜ਼ਮ ਨਹੀਂ ਹੋਵੇਗੀ ਕਿਉਂਕਿ ਮੀਆਂ ਜੀ ਦੀ ਹਕੂਮਤ ‘ਚ ਬੇਗਮ ਚੋਣ ਹਾਰ ਜਾਵੇ ਤਾਂ ਇਹ ਚਰਚਾ ਲੰਮਾ ਸਮਾਂ ਹੁੰਦੀ ਰਹੇਗੀ। ਵੈਸੇ ਵੀ ਉਕਤ ਵਿਧਾਇਕਾਂ ਨੇ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰਾਂ, ਆਗੂਆਂ ਦੀਆਂ ਟਿਕਟਾਂ ਕੱਟ ਕੇ ਆਪਣੀਆਂ ਬੇਗਮਾਂ ਨੂੰ ਟਿਕਟਾਂ ਨਾਲ ਨਿਵਾਜਿਆ ਸੀ ਪਰੰਤੂ ਇਸ ਦੇ ਬਾਵਜੂਦ ਵੀ ਉਕਤ ਵਿਧਾਇਕ ਆਪਣੀ ਇੱਜ਼ਤ ਬਚਾਉਣ ਵਿੱਚ ਕਾਮਯਾਬ ਨਾ ਹੋ ਸਕੇ। ਚਰਚਾ ਇਹ ਵੀ ਹੈ ਕਿ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਦੀ ਹਾਰ ਵਿੱਚ ਬਰਨਾਲੇ ਵਾਲੇ ਗੁਰਦੀਪ ਸਿੰਘ ਬਾਠ ਫੈਕਟਰ ਦਾ ਵੀ ਕਾਫੀ ਵੱਡਾ ਹੱਥ ਰਿਹਾ ਹੈ ਭਾਵ ਕਿ ਪੰਜਾਬ ‘ਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਲੁਧਿਆਣਾ ‘ਚ ਆਪੋ ਆਪਣੇ ਵਾਰਡਾਂ ਵਿੱਚ ਐਮਸੀ ਦੀ ਤਿਆਰੀ ਕਰ ਰਹੇ ਆਗੂਆਂ ਦੀ ਟਿਕਟ ਜਦ ਬੇਗਮਾਂ ਦੀ ਝੋਲੀ ਵਿੱਚ ਪਾ ਦਿੱਤੀ ਗਈ ਤਾਂ ਇਹਨਾਂ ਆਗੂਆਂ ਨੇ ਹੀ ਮੀਆਂ ਜੀ (ਵਿਧਾਇਕਾਂ) ਨੂੰ ਸ਼ੀਸ਼ਾ ਦਿਖਾਇਆ ਹੈ।