ਚੰਡੀਗੜ੍ਹ,17 ਅਕਤੂਬਰ, Gee98 news service
-ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਅਸਤੀਫ਼ੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਰਾਜਨੀਤੀ ਦੇ ਨਾਲ ਨਾਲ ਸਿੱਖ ਕੌਮ ‘ਚ ਇੱਕ ਅਜਿਹੀ ਚਰਚਾ ਨੂੰ ਜਨਮ ਦਿੱਤਾ ਹੈ, ਜਿਹੜੀ ਸਿਆਸੀ ਤੌਰ ‘ਤੇ ਸਹਿਕ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਖਤਰਨਾਕ ਸਾਬਤ ਹੋਵੇਗੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਸਤੀਫ਼ਾ ਦੇਣ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਆਪਣੀ ਇੱਕ ਵੀਡੀਓ ਵਿੱਚ ਜਿਹੜੀਆਂ ਗੱਲਾਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਸਬੰਧੀ ਆਖੀਆਂ ਗਈਆਂ ਹਨ, ਉਹ ਸਹਿਜ ਸੁਭਾਅ ਕੀਤੀਆਂ ਗੱਲਾਂ ਨਹੀਂ ਸਗੋਂ ਅਜਿਹੇ ਵੱਡੇ ਦੋਸ਼ ਹਨ ਜਿਹੜੇ ਲੱਗੇ ਤਾਂ ਭਾਵੇਂ ਵਲਟੋਹਾ ‘ਤੇ ਹਨ ਪਰੰਤੂ ਇਹਨਾਂ ਦੋਸ਼ਾਂ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਸੁਰਖ਼ਰੂ ਨਹੀਂ ਹੋ ਸਕਦੀ। ਇਹ ਤਾਂ ਮੰਨਿਆ ਨਹੀਂ ਜਾ ਸਕਦਾ ਕਿ ਸੁਖਬੀਰ ਸਿੰਘ ਬਾਦਲ ਤੋਂ ਵਲਟੋਹੇ ਦੀਆਂ ਮਨਮਾਨੀਆਂ ਲੁਕੀਆਂ ਹੋਈਆਂ ਹਨ ਜਾਂ ਫਿਰ ਸੁਖਬੀਰ ਸਿੰਘ ਬਾਦਲ ਵਲਟੋਹਾ ਦੇ ਅਤੀਤ ਬਾਰੇ ਨਹੀਂ ਜਾਣਦੇ, ਇਸ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਵਿੰਗ ਅਤੇ ਕੁਝ ਹੋਰ ਆਗੂਆਂ ਵੱਲੋਂ ਵਲਟੋਹੇ ਦੀ ਪਿੱਠ ‘ਤੇ ਸ਼ਰੇਆਮ ਖੜਨਾ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਵੀ ਚੈਲੰਜ ਕਰਦਾ ਹੈ ਜਿਹੜੀ ਕੁਝ ਵੱਡੇ ਅਕਾਲੀ ਆਗੂਆਂ ਦੀ ਬਗਾਵਤ ਕਾਰਨ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਹੈ। ਗਿਆਨੀ ਹਰਪ੍ਰੀਤ ਸਿੰਘ ਅਤੇ ਵਲਟੋਹੇ ਦੇ ਵਿਚਕਾਰ ਸ਼ਬਦੀ ਜੰਗ ਦਾ ਇੱਕ ਪਹਿਲੂ ਇਹ ਵੀ ਹੈ ਕਿ ਵਲਟੋਹੇ ਨੇ ਕਿਸੇ ਆਮ ਸਿੱਖ ਉੱਪਰ ਨਹੀਂ ਸਗੋਂ ਇੱਕ ਤਖ਼ਤ ਜਥੇਦਾਰ ਉੱਪਰ ਉਂਗਲ ਚੁੱਕੀ ਹੈ। ਦੱਸ ਦੇਈਏ ਕਿ ਵਲਟੋਹਾ ਆਪਣੀ ਮਾੜੀ ਜੁਬਾਨ ਦਾ ਦੰਡ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਏ ਇੱਕ ਫੈਸਲੇ ਦੇ ਰੂਪ ਵਿੱਚ ਭੁਗਤ ਚੁੱਕਾ ਹੈ, ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹੁਕਮ ਦਿੱਤਾ ਸੀ ਕਿ ਵਲਟੋਹੇ ਨੂੰ 10 ਸਾਲਾਂ ਲਈ ਅਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਫੈਸਲੇ ਤੋਂ ਬਾਅਦ ਵਲਟੋਹੇ ਨੇ ਬੇਸ਼ਰਮੀ ਭਰਿਆ ਅਸਤੀਫ਼ਾ ਦਿੱਤਾ ਕਿਉਂਕਿ ਉਸ ਕੋਲ ਹੋਰ ਕੋਈ ਰਾਹ ਹੀ ਨਹੀਂ ਬਚਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਕੀਤੀਆਂ ਗੱਲਾਂ ਕਰਕੇ ਜਥੇਦਾਰਾਂ ਦੇ ਤੇਵਰ ਪਹਿਲਾਂ ਹੀ ਵਲਟੋਹੇ ਦੇ ਖ਼ਿਲਾਫ਼ ਤਿੱਖੇ ਹਨ ਅਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਲਟੋਹੇ ‘ਤੇ ਲਾਏ ਦੋਸ਼ਾਂ ਨੇ ਅਕਾਲੀ ਲੀਡਰਸ਼ਿਪ ਨੂੰ ਵੀ ਘੇਰ ਲਿਆ ਹੈ। ਵਲਟੋਹੇ ਦੇ ਸਾਥੀਆਂ ਵੱਲੋਂ ਆਪਣੀਆਂ ਧੀਆਂ ਪ੍ਰਤੀ ਮਾੜੀ ਸ਼ਬਦਾਵਲੀ ਬੋਲਣ ਸਬੰਧੀ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਵਲਟੋਹੇ ‘ਤੇ ਦੋਸ਼ ਲਗਾਏ ਹਨ ਪ੍ਰੰਤੂ ਇਹਨਾਂ ਦੋਸ਼ਾਂ ਦਾ ਜਵਾਬ ਸੁਖਬੀਰ ਸਿੰਘ ਬਾਦਲ ਨੂੰ ਦੇਣਾ ਬਣਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਵਲਟੋਹੇ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਨੂੰ ਚੁੱਪ ਚੁਪੀਤੇ ਸੁਣਿਆ ਜਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਜੇਕਰ ਸਮਾਂ ਰਹਿੰਦੇ ਵਲਟੋਹੇ ਦੀ ਜ਼ੁਬਾਨ ਨੂੰ ਲਪੇਟਿਆ ਹੁੰਦਾ ਤਾਂ ਸੁਖਬੀਰ ਬਾਦਲ ਸ਼ਾਇਦ ਇਹਨਾਂ ਘੁੰਮਣ ਘੇਰੀਆਂ ਵਿੱਚ ਨਾ ਫਸਦਾ ਜਿਨਾਂ ਵਿੱਚ ਉਸਨੂੰ ਵਲਟੋਹੇ ਦੀ ਜ਼ੁਬਾਨ ਨੇ ਅੱਜ ਫਸਾ ਦਿੱਤਾ ਹੈ।