ਮਹਿਲ ਕਲਾਂ,19 ਸਤੰਬਰ (ਜਸਵੰਤ ਸਿੰਘ ਲਾਲੀ)-
-ਬਰਨਾਲਾ ਜ਼ਿਲ੍ਹੇ ਦੇ ਥਾਣਾ ਟੱਲੇਵਾਲ ਤਹਿਤ ਪੈਂਦੇ ਪਿੰਡ ਨਰਾਇਣਗੜ੍ਹ ਸੋਹੀਆਂ ਵਿਖੇ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੇ ਆਪਣੀ ਪਤਨੀ ਜਸਪ੍ਰੀਤ ਕੌਰ ਦਾ ਬੀਤੀ ਰਾਤ ਕਤਲ ਕਰ ਦਿੱਤਾ। ਕਤਲ ਦੀ ਇਸ ਘਟਨਾ ਦਾ ਦੁੱਖਦਾਈ ਪਹਿਲੂ ਇਹ ਹੈ ਕਿ ਅਜੇ 20 ਕੁ ਦਿਨ ਪਹਿਲਾਂ ਹੀ ਜਸਪ੍ਰੀਤ ਕੌਰ ਤੇ ਹਰਮਨਪ੍ਰੀਤ ਸਿੰਘ ਦਾ ਵਿਆਹ ਹੋਇਆ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਜਸਪ੍ਰੀਤ ਕੌਰ ਦੇ ਭਰਾ ਅੰਮ੍ਰਿਤਪਾਲ ਸਿੰਘ ਵਾਸੀ ਲੱਖਾ ਥਾਣਾ ਹਠੂਰ ਜਿਲਾ ਲੁਧਿਆਣਾ ਨੇ ਦੱਸਿਆ ਕਿ ਉਸ ਦੀ ਭੈਣ ਦਾ 25 ਅਗਸਤ ਨੂੰ ਹਰਮਨਪ੍ਰੀਤ ਸਿੰਘ ਵਾਸੀ ਨਰਾਇਣਗੜ੍ਹ ਸੋਹੀਆਂ ਦੇ ਨਾਲ ਵਿਆਹ ਹੋਇਆ ਸੀ। ਉਹਨਾਂ ਦੱਸਿਆ ਕਿ ਉਸਦੀ ਭੈਣ ਜਸਪ੍ਰੀਤ ਕੌਰ ਨੇ ਆਈਲੈਟਸ ਪਾਸ ਕੀਤੀ ਹੋਈ ਅਤੇ ਉਸਦਾ ਕੈਨੇਡਾ ਦਾ ਵੀਜ਼ਾ ਵੀ ਆ ਚੁੱਕਿਆ ਸੀ ਅਤੇ ਕੁਝ ਦਿਨਾਂ ਬਾਅਦ ਉਸਨੇ ਕੈਨੇਡਾ ਪੜ੍ਹਾਈ ਲਈ ਜਾਣਾ ਸੀ। ਮ੍ਰਿਤਕਾ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ 3.30 ਵਜੇ ਨਰਾਇਣਗੜ੍ਹ ਸੋਹੀਆਂ ਦੀ ਪੰਚਾਇਤ ਵੱਲੋਂ ਉਹਨਾਂ ਨੂੰ ਫੋਨ ‘ਤੇ ਉਸਦੀ ਭੈਣ ਦੀ ਮੌਤ ਸਬੰਧੀ ਸੂਚਨਾ ਦਿੱਤੀ ਗਈ ਅਤੇ ਜਦੋਂ ਉਹ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਲੈ ਕੇ ਉਸ ਦੀ ਭੈਣ ਦੇ ਸਹੁਰੇ ਘਰ ਪੁੱਜੇ ਤਾਂ ਉਹ ਮ੍ਰਿਤਕ ਹਾਲਤ ਵਿੱਚ ਸੀ ਅਤੇ ਘਟਨਾ ਸਥਾਨ ਤੋਂ ਲੱਗ ਰਿਹਾ ਸੀ ਕਿ ਉਸ ਨੂੰ ਬਹੁਤ ਬੁਰੀ ਤਰ੍ਹਾਂ ਕਤਲ ਕੀਤਾ ਗਿਆ ਸੀ। ਇਸ ਸਬੰਧੀ ਪੁਲਿਸ ਵੱਲੋਂ ਕੀਤੀ ਕਾਰਵਾਈ ਬਾਰੇ ਦੱਸਦੇ ਹੋਏ ਥਾਣਾ ਟੱਲੇਵਾਲ ਦੇ ਐਸਐਚਓ ਨਿਰਮਲਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਜਸਪ੍ਰੀਤ ਕੌਰ ਦੇ ਪਿਤਾ ਅਜਮੇਰ ਸਿੰਘ ਵਾਸੀ ਪਿੰਡ ਲੱਖਾ ਥਾਣਾ ਹਠੂਰ ਜ਼ਿਲ੍ਹਾ ਲੁਧਿਆਣਾ ਦੇ ਬਿਆਨਾਂ ਦੇ ਅਧਾਰ ‘ਤੇ ਹਰਮਨਪ੍ਰੀਤ ਸਿੰਘ (ਪਤੀ) ਉਸ ਦੀ ਸੱਸ-ਸਹੁਰਾ ਅਤੇ ਇੱਕ ਤਾਏ ਦੀ ਲੜਕੀ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਐਸਐਚਓ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।