ਚੰਡੀਗੜ੍ਹ,17 ਸਤੰਬਰ, Gee98 news service
-ਇੱਕ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਨੇ ਆਪਣੇ ਹੀ ਸਕੂਲ ਵਿੱਚ ਆਪਣੀ ਘਰੇਲੂ ਪਤਨੀ ਨੂੰ ਕੰਪਿਊਟਰ ਅਧਿਆਪਕ ਦਰਸਾ ਕੇ ਉਸ ਦਾ ਜਾਅਲੀ ਤਨਖਾਹ ਸਰਟੀਫਿਕੇਟ ਤਿਆਰ ਕਰਕੇ ਬੈਂਕ ਤੋਂ ਕਰਜ਼ਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਬੈਂਕ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਸਬੰਧਤ ਮੁੱਖ ਅਧਿਆਪਕ ਅਤੇ ਉਸ ਦੀ ਪਤਨੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮੋਗਾ ਜ਼ਿਲ੍ਹੇ ਦੀ ਧਰਮਕੋਟ ਸਬ ਡਿਵੀਜ਼ਨ ਅਧੀਨ ਪੈਂਦੇ ਸਰਕਾਰੀ ਹਾਈ ਸਕੂਲ ਬੱਡੂਵਾਲ ਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਦੱਸਿਆ ਕਿ ਮੋਗਾ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਖੇਤੀਬਾੜੀ ਸ਼ਾਖਾ ਪ੍ਰਬੰਧਕ ਦੀ ਸ਼ਿਕਾਇਤ ਉੱਤੇ ਸਰਕਾਰੀ ਹਾਈ ਸਕੂਲ, ਬੱਡੂਵਾਲ ਦੇ ਮੁੱਖ ਅਧਿਆਪਕ ਕਿਰਪਾਲ ਸਿੰਘ, ਉਸ ਦੀ ਪਤਨੀ ਮਨਪ੍ਰੀਤ ਕੌਰ, ਪਿੰਡ ਕੜਿਆਲ ਖ਼ਿਲਾਫ਼ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ 16 ਮਾਰਚ 2022 ਨੂੰ ਮੋਗਾ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਖੇਤੀਬਾੜੀ ਸ਼ਾਖਾ ਵਿਚੋਂ ਮੁਲਜ਼ਮ ਮਨਪ੍ਰੀਤ ਕੌਰ ਨੇ 9,08,700 ਰੁਪਏ ਨਿੱਜੀ ਕਰਜ਼ਾ ਲਿਆ ਸੀ। ਉਸ ਨੇ ਬੈਂਕ ਵਿਚ ਸਰਕਾਰੀ ਹਾਈ ਸਕੂਲ, ਬੱਡੂਵਾਲ ਵਿਖੇ ਬਤੌਰ ਕੰਪਿਊਟਰ ਫੈਕਲਟੀ ਅਧਿਆਪਕ ਵਜੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਸਲਿੱਪਾਂ ਦਿੱਤੀਆਂ ਸਨ। ਇਸ ਸਕੂਲ ਵਿਚ ਮੁਲਜ਼ਮ ਮਨਪ੍ਰੀਤ ਕੌਰ ਦਾ ਪਤੀ ਕਿਰਪਾਲ ਸਿੰਘ ਮੁੱਖ ਅਧਿਆਪਕ ਸੀ। ਸਰਕਾਰੀ ਤਨਖਾਹ ਸਲਿੱਪਾਂ ਤੇ ਹੋਰ ਸਰਟੀਫ਼ਿਕੇਟ ਮੁਲਜ਼ਮ ਮਹਿਲਾ ਦੇ ਪਤੀ ਕਿਰਪਾਲ ਸਿੰਘ ਵੱਲੋਂ ਕਥਿਤ ਤੌਰ ‘ਤੇ ਤਸਦੀਕ ਕੀਤੇ ਗਏ ਸਨ। ਬੈਂਕ ਨੇ 72 . ਕਰਜ਼ਾ ਕਿਸ਼ਤਾਂ 17 ਹਜ਼ਾਰ 231 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕਿਸ਼ਤ ਬੰਨ੍ਹੀ ਸੀ, ਜਿਸ ਵਿਚੋਂ ਮੁਲਜ਼ਮ ਨੇ ਕਰੀਬ ਇੱਕ ਸਾਲ 12 ਕਿਸ਼ਤਾਂ ਬੈਂਕ ਵਿਚ ਜਮ੍ਹਾਂ ਵੀ ਕਰਵਾ ਦਿੱਤੀਆਂ ਸਨ। ਇਸ ਦੌਰਾਨ ਸਟੇਟ ਬੈਂਕ ਆਫ਼ ਇੰਡੀਆ ਦੀ ਜ਼ੋਨਲ ਦਫ਼ਤਰ ਬਠਿੰਡਾ ਦੀ ਆਡਿਟ ਟੀਮ ਨੇ ਇਸ ਕਰਜ਼ਾ ਕੇਸ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਦਸਤਾਵੇਜ਼ਾਂ ਉੱਤੇ ਸ਼ੱਕ ਹੋਇਆ ਤਾਂ ਮੁਲਜ਼ਮਾਂ ਨੇ ਬੈਂਕ ਦਾ ਸਾਰਾ ਕਰਜ਼ਾ ਯਕਮੁਸ਼ਤ ਅਦਾ ਵੀ ਕਰ ਦਿੱਤਾ। ਫਿਰ ਵੀ ਬੈਂਕ ਅਧਿਕਾਰੀਆਂ ਦੀ ਪੜ੍ਹਤਾਲ ਦੌਰਾਨ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਪੱਤਰ ਰਾਹੀਂ ਪੁਸ਼ਟੀ ਹੋਈ ਹੈ ਕਿ ਮਨਪ੍ਰੀਤ ਕੌਰ ਕਦੇ ਵੀ ਇਸ ਸਕੂਲ ਵਿਚ ਤਾਇਨਾਤ ਨਹੀਂ ਰਹੀ। ਬੈਂਕ ਨੇ ਇਸ ਨੂੰ ਗੰਭੀਰ ਅਪਰਾਧ ਦੱਸਦੇ ਹੋਏ ਮੁਲਜ਼ਮਾਂ ਖ਼ਿਲਾਫ਼ ਐੱਫ਼ਆਈਆਰ ਦਰਜ ਕਰਨ ਦੀ ਸ਼ਿਕਾਇਤ ਦਿੱਤੀ। ਬੈਂਕ ਅਧਿਕਾਰੀਆਂ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਆਰਥਿਕ ਅਪਰਾਧ ਸ਼ਾਖਾ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਨੇ ਕਰਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ।