ਚੰਡੀਗੜ੍ਹ,4 ਸਤੰਬਰ, Gee98 news service
ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਅਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਪਿਛਲੇ ਕਾਫੀ ਸਮੇਂ ਤੋਂ ਆਪਣੇ ਹੀ ਪਾਰਟੀ ਨੂੰ ਨਿਸ਼ਾਨੇ ‘ਤੇ ਲੈ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਹੁਣ ਤੱਕ ਇਨਸਾਫ ਨਾ ਦੇਣ ਦੇ ਮੁੱਦੇ ਅਤੇ ਸੂਬੇ ‘ਚ ਅਮਨ ਕਾਨੂੰਨ ਦੇ ਹਾਲਾਤਾਂ ‘ਤੇ ਵਿਧਾਇਕ ਵਿਜੇ ਪ੍ਰਤਾਪ ਕਈ ਵਾਰ ਸਿੱਧੇ ਤੌਰ ‘ਤੇ ਮੁੱਖ ਮੰਤਰੀ ਨੂੰ ਵੀ ਘੇਰ ਚੁੱਕੇ ਹਨ। ਮੌਜੂਦਾ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਵਿਧਾਨ ਸਭਾ ਦੇ ਅੰਦਰ ਵੀ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ ਜਦ ਵਿਧਾਇਕ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਵਿੱਚ ਆਪਣੀ ਹੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਰੇਆਮ ਪੋਲ ਖੋਲ੍ਹ ਦਿੱਤੀ। ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਦੀਆਂ ਬੁਨਿਆਦੀ ਨਾਗਰਿਕ ਸੇਵਾਵਾਂ ਜਿਵੇਂ ਸੀਵਰੇਜ ਅਤੇ ਵਾਟਰ ਸਪਲਾਈ ਦਾ ਮੁੱਦਾ ਧਿਆਨ ਵਿੱਚ ਲਿਆਂਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੀਜ਼ਾਂ ਦੀ ਹਾਲਤ ਖਰਾਬ ਹੈ। ਇਸ ਕਾਰਨ ਲੋਕ ਪ੍ਰੇਸ਼ਾਨ ਹਨ ਪਰ ਇਸ ਦਿਸ਼ਾ ਵਿੱਚ ਕੁਝ ਨਹੀਂ ਹੋਇਆ। ਵਿਧਾਇਕ ਵਿਜੇ ਪ੍ਰਤਾਪ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਜਦ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬਲਕਾਰ ਸਿੰਘ ਨੇ ਸਫਾਈ ਦੇਣੀ ਚਾਹੀ ਤਾਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਮੌਕੇ ‘ਤੇ ਹੀ ਮੰਤਰੀ ਬਲਕਾਰ ਸਿੰਘ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ ਕਿ ਮੰਤਰੀ ਜੀ ਇਹ ਗੱਲਾਂ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਨ। ਵਿਧਾਇਕ ਵਿਜੇ ਪ੍ਰਤਾਪ ਨੇ ਕਿਹਾ ਕਿ ਅੰਮ੍ਰਿਤਸਰ ‘ਚ ਹਾਲਾਤ ਇਹ ਹਨ ਕਿ ਅਧਿਕਾਰੀ ਆਪਣੇ ਵਿਭਾਗ ਦੇ ਮੰਤਰੀ ਦੀ ਗੱਲ ਵੀ ਨਹੀਂ ਸੁਣਦੇ। ਇਸ ਦੀ ਮਿਸਾਲ ਦਿੰਦੇ ਹੋਏ ਵਿਧਾਇਕ ਨੇ ਕਿਹਾ ਕਿ ਜੇਈ ਨਗੇਂਦਰ ਪ੍ਰਸਾਦ ਕੋਲ ਮੁੱਖ ਮੰਤਰੀ ਨਾਲੋਂ ਜ਼ਿਆਦਾ ਤਾਕਤ ਹੈ। ਕਮਿਸ਼ਨਰ ਨਗਰ ਨਿਗਮ ਕਿਸੇ ਦੀ ਨਹੀਂ ਸੁਣਦਾ। ਜੇਕਰ ਸੀਵਰੇਜ ਦਾ ਪਾਣੀ ਉਸਦੀ ਰਸੋਈ ਵਿੱਚ ਵਹਿ ਰਿਹਾ ਹੋਵੇ ਤਾਂ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ ? ਉਨ੍ਹਾਂ ਕਿਹਾ ਕਿ ਇਹ ਤੈਅ ਕੀਤਾ ਜਾਣਾ ਚਾਹੀਦਾ ਹੈ ਕਿ ਜਦੋਂ ਵਿਭਾਗ ਦਾ ਮੰਤਰੀ ਕੁਝ ਕਹਿੰਦਾ ਹੈ ਤਾਂ ਉਸ ਦੀ ਪਾਲਣਾ ਕੀਤੀ ਜਾਵੇ। ਉਹਨਾਂ ਕਿਹਾ ਕਿ ਅੰਮ੍ਰਿਤਸਰ ਲਈ ਇਕ ਏਜੰਸੀ ਦੀ ਸਥਾਪਨਾ ਕੀਤੀ ਜਾਵੇ, ਜੋ ਲੋਕਾਂ ਨਾਲ ਸਬੰਧਤ ਕੰਮ ਦੇਖ ਸਕੇ, ਉੱਥੇ ਪਤਾ ਨਹੀਂ ਕਿਹੜੀ ਏਜੰਸੀ ਕਿਹੜਾ ਕੰਮ ਦੇਖ ਰਹੀ ਹੈ। ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਤੈਅ ਹੋਣੀਆਂ ਚਾਹੀਦੀਆਂ ਹਨ। ਮੰਤਰੀ ਨੂੰ ਮਾਹਿਰਾਂ ਦੀ ਟੀਮ ਨਾਲ ਲੈ ਕੇ ਸ਼ਹਿਰ ਦੀ ਫੇਰੀ ਲੈਣੀ ਚਾਹੀਦੀ ਹੈ। ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੇ ਸਿੱਧੇ ਹਮਲਿਆਂ ਤੋਂ ਬਾਅਦ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਕਿ ਅਧਿਕਾਰੀ ਉਹਨਾਂ ਦੀ ਗੱਲ ਨਹੀਂ ਸੁਣਦੇ। ਮੰਤਰੀ ਨੇ ਕਿਹਾ ਕਿ ਉਹ ਦੋ ਹਫਤਿਆਂ ਤੱਕ ਅੰਮ੍ਰਿਤਸਰ ਆਉਣਗੇ ਅਤੇ ਸਾਰੇ ਮਸਲੇ ਹੱਲ ਹੋ ਜਾਣਗੇ। ਮੰਤਰੀ ਨੇ ਭਾਵੇਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਦਲੀਲਾਂ ਦੇ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪ੍ਰੰਤੂ ਆਪਣੀ ਹੀ ਪਾਰਟੀ ਦੇ ਵਿਧਾਇਕ ਵੱਲੋਂ ਵਿਧਾਨ ਸਭਾ ਦੇ ਅੰਦਰ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਬੈਠੀ ਸਰਕਾਰ ਦੇ ਹਾਵ ਭਾਵ ਦੇਖਣ ਵਾਲੇ ਸਨ।