ਚੰਡੀਗੜ੍ਹ,2 ਸਤੰਬਰ, Gee98 news service
-ਪਾਵਰਕਾਮ ਨੇ ਪੰਜਾਬ ਦੇ ਸਰਕਾਰੀ ਵਿਭਾਗਾਂ ਵੱਲ ਬਕਾਇਆ ਖੜੇ ਬਿਜਲੀ ਦੇ ਬਿੱਲ ਵਸੂਲਣ ਲਈ ਸਖ਼ਤ ਕਾਰਵਾਈ ਦਾ ਮਨ ਬਣਾ ਲਿਆ ਹੈ। ਪਾਵਰਕਾਮ ਵੱਲੋਂ ਆਉਣ ਵਾਲੇ ਦਿਨਾਂ ‘ਚ ਕਈ ਵੱਡੇ ਸਰਕਾਰੀ ਵਿਭਾਗਾਂ ਦੇ ਬਿਜਲੀ ਦੇ ਕਨੈਕਸ਼ਨ ਕੱਟੇ ਜਾ ਸਕਦੇ ਹਨ।
ਵਿੱਤੀ ਸੰਕਟ ਵਿਚ ਫਸੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੂੰ ਰਾਜ ਦੇ ਸਰਕਾਰੀ ਵਿਭਾਗ ਦੇ ਬਕਾਇਆ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨ ਸੂਬੇ ਦੇ ਮੁੱਖ ਸਕੱਤਰ ਤੱਕ ਪਹੁੰਚ ਕੀਤੀ ਹੈ। ਜਿਸ ਤੋਂ ਬਾਅਦ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ। ਮੁੱਖ ਸਕੱਤਰ ਨੇ ਕਿਹਾ ਹੈ ਕਿ ਡੀਸੀਜ਼ ਆਪਣੇ-ਆਪਣੇ ਜ਼ਿਲਿਆਂ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਦੇਣ ਕਿ ਜਿਹੜੇ-ਜਿਹੜੇ ਦਫਤਰ ਦਾ ਜਿੰਨਾ ਬਿਜਲੀ ਦਾ ਬਿੱਲ ਬਕਾਇਆ ਹੈ, ਉਸ ਦਾ ਛੇਤੀ ਤੋਂ ਛੇਤੀ ਭੁਗਤਾਨ ਕੀਤਾ ਜਾਵੇ। ਦੱਸਣਯੋਗ ਹੈ ਕਿ ਪੀਐੱਸਪੀਸੀਐੱਲ ਨੇ ਸਰਕਾਰੀ ਵਿਭਾਗਾਂ ਤੋਂ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਵਸੂਲਣ ਲਈ ਵਿੱਤ ਤੇ ਲੇਖਾ ਵਿਭਾਗ ਦੀ ਸਪੈਸ਼ਲ ਟੀਮ ਗਠਿਤ ਕੀਤੀ ਸੀ ਜੋ ਸਰਕਾਰੀ ਵਿਭਾਗਾਂ ਦੇ ਨਾਲ ਗੱਲਬਾਤ ਕਰ ਕੇ ਬਕਾਇਆ ਬਿੱਲ ਵਸੂਲਣ ਦਾ ਕੰਮ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਸਰਕਾਰੀ ਵਿਭਾਗਾਂ ਵੱਲੋਂ ਬਿਜਲੀ ਦੇ ਬਿੱਲ ਨਹੀਂ ਭਰੇ ਜਾ ਰਹੇ ਹਨ। ਸਰਕਾਰੀ ਵਿਭਾਗਾਂ ਵੱਲ ਤਕਰੀਬਨ 2764 ਕਰੋੜ ਰੁਪਏ ਦੇ ਬਿਜਲੀ ਬਿੱਲ ਬਕਾਇਆ ਹਨ। ਪੀਐੱਸਪੀਸੀਐੱਲ ਰਿਕਾਰਡ ਦੇ ਅਨੁਸਾਰ ਚਾਰ ਵੱਡੇ ਬਕਾਏਦਾਰਾਂ ਵਿਚ ਜਲ ਸਪਲਾਈ ਤੇ ਸਫਾਈ ਵਿਭਾਗ ਵੱਲ 1079 ਕਰੋੜ ਰੁਪਏ, ਸਥਾਨਕ ਸਰਕਾਰਾਂ ਵਿਭਾਗ ਵੱਲ 991 ਕਰੋੜ ਰੁਪਏ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲ 334 ਕਰੋੜ ਰੁਪਏ ਤੇ ਸਿਹਤ ਵਿਭਾਗ ਵੱਲ 148 ਕਰੋੜ ਰੁਪਏ ਬਕਾਇਆ ਹਨ। ਇਸ ਤੋਂ ਇਲਾਵਾ ਕਈ ਹੋਰ ਵਿਭਾਗਾਂ ਦੇ ਵੀ ਬਿੱਲ ਬਕਾਇਆ ਹਨ। ਜੇਕਰ ਮੁੱਖ ਸਕੱਤਰ ਦੇ ਹੁਕਮਾਂ ਤੋਂ ਬਾਅਦ ਵੀ ਸਰਕਾਰੀ ਵਿਭਾਗਾਂ ਵੱਲੋਂ ਪਾਵਰਕਾਮ ਦੇ ਬਕਾਇਆ ਬਿਜਲੀ ਦੇ ਬਿੱਲ ਨਹੀਂ ਭਰੇ ਜਾਂਦੇ ਤਾਂ ਪਾਵਰਕਾਮ ਕੋਲ ਅਗਲਾ ਸਖ਼ਤ ਕਦਮ ਕਨੈਕਸ਼ਨ ਕੱਟਣਾ ਹੀ ਹੋਵੇਗਾ।