ਚੰਡੀਗੜ੍ਹ,1 ਸਤੰਬਰ, Gee98 news service
-ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਰਾਹੀਂ ਬੱਚਿਆਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾ ਰਹੀਆਂ ਮਾਵਾਂ ਨੂੰ ਖੁਰਾਕ ਦੇ ਰੂਪ ਵਿੱਚ ਦਿੱਤੇ ਜਾ ਰਹੇ ਖਾਧ ਪਦਾਰਥਾਂ ਦੀ ਗੁਣਵੱਤਾ ਤੇ ਸਵਾਲ ਉੱਠਦੇ ਆ ਰਹੇ ਹਨ ਪ੍ਰੰਤੂ ਸਰਕਾਰ ਇਸ ਵਿੱਚ ਸੁਧਾਰ ਕਰਨ ਦੀ ਬਜਾਏ ਸਮਾਨ ਦੀ ਘਟੀਆ ਕੁਆਲਿਟੀ ਦੇ ਦੋਸ਼ਾਂ ‘ਤੇ ਪਰਦਾ ਪਾਉਣ ‘ਤੇ ਲੱਗੀ ਹੋਈ ਹੈ। ਤਾਜ਼ਾ ਮਾਮਲੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਬਲਾਕ ਤਲਵੰਡੀ ਦੇ ਸਰਕਲ ਰਾਮਾ ਵਿੱਚ ਆਂਗਣਵਾੜੀ ਕੇਂਦਰ ‘ਚ ਬੱਚਿਆਂ ਨੂੰ ਦਿੱਤੇ ਜਾ ਰਹੇ ਉੱਲੀ ਲੱਗੇ ਮੁਰਮਰੇ ਅਤੇ ਖਰਾਬ ਦਲੀਏ ਦੇ ਪੈਕਟ ਨਿਕਲੇ ਹਨ ਪ੍ਰੰਤੂ ਹੈਰਾਨੀ ਦੀ ਗੱਲ ਹੈ ਜਦ ਇਹ ਮਾਮਲਾ ਜ਼ਿਲਾ ਪ੍ਰੋਗਰਾਮ ਅਫਸਰ ਬਠਿੰਡਾ ਸ੍ਰੀ ਪੰਕਜ ਕੁਮਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਕਿਹਾ ਕਿ ਮੁਰਮੁਰੇ ਦੇ ਦੋ ਪੈਕੇਟ ਸਲ੍ਹਾਬ ਕਾਰਨ ਖਰਾਬ ਨਿਕਲੇ ਹਨ, ਇਹ ਛੋਟਾ ਮਾਮਲਾ ਹੈ ਐਵੇਂ ਕੁਝ ਧਿਰਾਂ ਇਸ ਨੂੰ ਸਿਆਸੀ ਤੂਲ ਦੇ ਰਹੀਆਂ ਹਨ। ਇਸ ਤੋਂ ਵੱਡੀ ਹੈਰਾਨੀ ਕੀ ਹੋ ਸਕਦੀ ਹੈ ਜੇਕਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਬੱਚਿਆਂ ਨੂੰ ਦਿੱਤੀ ਜਾ ਰਹੀ ਖਰਾਬ ਖੁਰਾਕ ਛੋਟਾ ਜਿਹਾ ਮਾਮਲਾ ਲੱਗ ਰਹੀ ਹੈ। ਜ਼ਿਲਾ ਪ੍ਰੋਗਰਾਮ ਅਫਸਰ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਹੋਵੇਗਾ ਕਿ ਆਖਰ ਦੋ ਪੈਕੇਟ ਹੀ ਸਲ੍ਹਾਬ ਕਾਰਨ ਖਰਾਬ ਕਿਉਂ ਨਿਕਲੇ। ਇੱਥੇ ਇਹ ਵੀ ਧਿਆਨਦੇਣ ਯੋਗ ਹੈ ਕਿ ਖਰਾਬ ਕੁਆਲਿਟੀ ਦੇ ਖਾਣੇ ਦਾ ਮੁੱਦਾ ਆਂਗਣਵਾੜੀ ਵਰਕਰਾਂ ਵੱਲੋਂ ਹੀ ਉਠਾਇਆ ਜਾ ਰਿਹਾ ਹੈ ਜਿਨਾਂ ਰਾਹੀਂ ਇਹ ਸਮਾਨ ਬੱਚਿਆਂ ਅਤੇ ਮਾਵਾਂ ਨੂੰ ਦਿੱਤਾ ਜਾਂਦਾ ਹੈ। ਸਮਾਜਿਕ ਸੁਰੱਖਿਆ ਵਿਭਾਗ ਦੇ ਜਿਹੜੇ ਅਫਸਰਾਂ ਤੇ ਆਂਗਣਵਾੜੀ ਵਰਕਰਾਂ ਵੱਲੋਂ ਇਹ ਮੁੱਦਾ ਉਠਾਇਆ ਜਾ ਰਿਹਾ ਹੈ ਉਹਨਾਂ ਨੂੰ ਕਾਰਵਾਈ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਵਿਭਾਗ ਦੇ ਇੱਕ ਉੱਚ ਅਫਸਰ ਨਾਲ ਜਦੋਂ ਗੱਲ ਕੀਤੀ ਤਾਂ ਪਹਿਲਾਂ ਉਹਨਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਵਾਰ ਵਾਰ ਪੁੱਛਣ ‘ਤੇ ਉਹਨਾਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ “ਸਭ ਗੋਲ ਮਾਲ ਹੈ, ਇਹ ਕਰੋੜਾਂ ਦਾ ਘਪਲਾ ਹੈ, ਹੇਠਾਂ ਤੋਂ ਲੈ ਕੇ ਉੱਪਰ ਤੱਕ ਰਿਸ਼ਵਤ ਰੂਪੀ ਮਲਾਈ ਖਾ ਰਹੇ ਹਨ ਪ੍ਰੰਤੂ ਬੱਚਿਆਂ ਤੇ ਮਾਵਾਂ ਨੂੰ ਜ਼ਹਿਰ ਪਰੋਸੀ ਜਾ ਰਹੀ ਹੈ”। ਭਾਵੇਂ ਕਿ ਵਾਅਦੇ ਮੁਤਾਬਿਕ ਇਸ ਅਫਸਰ ਦਾ ਨਾਮ ਜੱਗ ਜ਼ਾਹਰ ਨਹੀਂ ਕੀਤਾ ਜਾ ਸਕਦਾ ਪਰੰਤੂ ਜੇਕਰ ਸਮਾਨਤਾ ਤੇ ਵਿਭਾਗ ਦਾ ਉਚ ਅਧਿਕਾਰੀ ਹੀ “ਘਪਲੇਬਾਜ਼ੀ” ਨੂੰ ਮੰਨ ਰਿਹਾ ਹੈ ਤਾਂ ਬੱਚਿਆਂ ਦੇ ਮਾਪਿਆਂ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।