ਚੰਡੀਗੜ੍ਹ,6 ਅਗਸਤ, Gee98 news service
-ਕੁਝ ਸਾਲ ਪਹਿਲਾਂ ਤੱਕ ਬਿਹਾਰ ਸੂਬੇ ਦੇ ਅਮਨ ਕਾਨੂੰਨ ਦੇ ਹਾਲਾਤਾਂ ਦੀ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਆਮ ਚਰਚਾ ਹੁੰਦੀ ਸੀ ਕਿ ਉੱਥੇ ਕੋਈ ਆਮ ਵਿਅਕਤੀ ਨਗਦੀ ਜਾ ਕੀਮਤੀ ਸਮਾਨ ਲੈ ਕੇ ਇਕੱਲਾ ਨਹੀਂ ਚੱਲ ਸਕਦਾ। ਅਜਿਹੀਆਂ ਗੱਲਾਂ ਕਰਦੇ ਹੋਏ ਸੱਥਾਂ ‘ਚ ਬੈਠੇ ਲੋਕ ਆਮ ਕਹਿ ਦਿੰਦੇ ਸਨ ਕਿ ਯੂਪੀ ਬਿਹਾਰ ‘ਚ ਤਾਂ ਬਹੁਤ ਮਾੜੇ ਹਾਲਾਤ ਹਨ, ਉਥੇ ਤਾਂ ਕੁਝ ਪੈਸਿਆਂ ਦੀ ਖਾਤਰ ਹੀ ਬੰਦਾ ਮਾਰ ਦਿੱਤਾ ਜਾਂਦਾ ਹੈ। ਅਜਿਹੀ ਚਰਚਾ ਕਰਨ ਵਾਲਿਆਂ ਨੂੰ ਯਾਦ ਚੇਤੇ ਵੀ ਨਹੀਂ ਹੋਵੇਗਾ ਕਿ ਇੱਕ ਦਿਨ ਅਜਿਹੇ ਹਾਲਾਤ ਪੰਜਾਬ ‘ਚ ਵੀ ਬਣ ਸਕਦੇ ਹਨ। ਹੁਣ ਪੰਜਾਬ ‘ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਲੋਕਾਂ ਨੂੰ ਹੁਕਮ ਦੇਣ ਲੱਗੇ ਹਨ ਕਿ ਘੱਟੋ ਘੱਟ 1009 ਰੁਪਏ ਆਪਣੀ ਜੇਬ ਵਿੱਚ ਲੈ ਕੇ ਘਰੋਂ ਨਿਕਲੋ। ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮਮੂਖੇੜਾ ਵਿੱਚ ਲੁਟੇਰਿਆਂ ਨੇ ਅਜਿਹੇ ਹੁਕਮ ਜਾਰੀ ਕਰ ਦਿੱਤੇ ਹਨ ਜਿਸ ਤੋਂ ਬਾਅਦ ਲੋਕਾਂ ਵਿੱਚ ਇੰਨਾ ਖੌਫ ਪੈਦਾ ਹੋ ਗਿਆ ਕਿ ਲੋਕਾਂ ਨੇ ਹੁਣ ਰਾਤ ਸਮੇਂ ਘਰ ਵਿਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਇੰਨਾ ਹੀ ਨਹੀਂ ਪਿੰਡ ਦੇ ਡਾਕਟਰ ਵੀ ਹੁਣ ਆਪਣਾ ਮੋਬਾਈਲ ਬੰਦ ਕਰਕੇ ਸੌਂਦੇ ਹਨ ਤਾਂ ਕਿ ਰਾਤ ਸਮੇਂ ਕਿਸੇ ਨੂੰ ਦਵਾਈ ਨਾ ਦੇਣ ਲਈ ਜਾਣਾ ਪਵੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੁਟੇਰਿਆਂ ਨੇ ਫੁਰਮਾਨ ਜਾਰੀ ਕੀਤਾ ਹੈ ਕਿ ਉਨ੍ਹਾਂ ਦੇ ਹੱਥ ਵਿੱਚ ਆਏ ਵਿਅਕਤੀ ਦੀ ਜੇਬ ਵਿਚੋਂ ਇਕ ਹਜ਼ਾਰ ਰੁਪਏ ਤੋਂ ਘੱਟ ਨਿਕਲੇ ਤਾਂ ਲੁੱਟ ਦੇ ਨਾਲ-ਨਾਲ ਕੁੱਟਮਾਰ ਵੀ ਕੀਤੀ ਜਾਵੇਗੀ। ਲੋਕਾਂ ਨੇ ਦੱਸਿਆ ਕਿ ਇਸ ਪਿੰਡ ਨੂੰ ਪੰਜ ਲਿੰਕ ਰੋਡ ਲੱਗਦੇ ਹਨ ਅਤੇ ਹਰ ਲਿੰਕ ਰੋਡ ‘ਤੇ ਲੁੱਟਮਾਰ ਦੀ ਵਾਰਦਾਤ ਹੁੰਦੀ ਹੈ। ਪਿੰਡ ਦੇ ਸਕੂਲ ਅਤੇ ਹੋਰ ਸਾਂਝੀਆਂ ਥਾਵਾਂ ਤੇ ਇੱਕ ਤੋਂ ਵੱਧ ਵਾਰ ਚੋਰੀ ਹੋ ਚੁੱਕੀ ਹੈ। ਪਿੰਡ ਵਾਸੀ ਕੁਲਬੀਰ ਸਿੰਘ ਪੰਨੂ ਨੇ ਦੱਸਿਆ ਕਿ ਪਹਿਲਾਂ ਪਿੰਡ ਦੇ ਸਕੂਲ ਵਿਚ ਚੋਰੀ ਹੋਈ,ਘਟਨਾ ਸਥਾਨ ਉਤੇ ਪੁਲਿਸ ਪੁੱਜੀ ਪਰ ਅੱਜ ਤੱਕ ਉਸ ਦਾ ਕੁਝ ਨਹੀਂ ਹੋਇਆ। ਫਿਰ ਮੰਦਰ ਵਿੱਚ ਚੋਰੀ ਹੋਈ ਤੇ ਅੱਜ ਤੱਕ ਸੁਣਵਾਈ ਨਹੀ ਹੋਈ। ਹੁਣ ਤੱਕ 8 ਇੰਜਣ ਚੋਰੀ ਹੋ ਚੁੱਕੇ ਹਨ ਇਥੋਂ ਤੱਕ ਟਰਾਂਸਫਰਮਰਾਂ ਦਾ 26 ਵਾਰ ਤੇਲ ਚੋਰੀ ਹੋ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਦਾ ਇਕ ਕਿਸਾਨ ਆਪਣੀ ਜ਼ਮੀਨ ਗੇੜਾ ਮਾਰਨ ਗਿਆ ਤਾਂ ਰਸਤੇ ਵਿੱਚ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ਉਤੇ ਉਸ ਕੋਲੋਂ 800 ਰੁਪਏ ਦੀ ਨਕਦੀ, ਮੋਬਾਈਲ ਅਤੇ ਮੋਟਰਸਾਈਕਲ ਖੋਹ ਲਿਆ ਤੇ ਕੁੱਟਮਾਰ ਕੀਤੀ,ਲੁੱਟ ਸਮੇਂ ਲੁਟੇਰਿਆਂ ਨੇ ਉਸ ਨੂੰ ਕਿਹਾ ਕਿ ਜੇਕਰ ਤੇਰੀ ਜੇਬ ਵਿੱਚ 1000 ਰੁਪਏ ਹੁੰਦੇ ਤਾਂ ਕੁੱਟਮਾਰ ਨਹੀਂ ਕਰਨੀ ਸੀ। ਹਾਲਾਤ ਇਹ ਹਨ ਕਿ ਘਰਾਂ ਤੋਂ ਗੈਸ ਸਿਲੰਡਰ, ਸੋਨਾ, ਨਕਦੀ, ਮੱਝ, ਬੱਕਰੀਆਂ ਚੋਰੀਆਂ ਹੋ ਚੁੱਕੀਆਂ ਹਨ। ਖੇਤਾਂ ਚੋਂ ਮੋਟਰਾਂ ਚੋਰੀ ਹੋ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦਾ ਲੁਟੇਰਿਆਂ ਨੂੰ ਕੋਈ ਡਰ ਨਹੀਂ ਹੈ।