ਬਰਨਾਲਾ,18 ਜੂਨ, (ਨਿਰਮਲ ਸਿੰਘ ਪੰਡੋਰੀ)-
-ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਜਾਇਦਾਦ ਸਬੰਧੀ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸ ਵਿੱਚ ਸ਼੍ਰੋਮਣੀ ਕਮੇਟੀ ਦੇ ਪਿੱਛੇ ਹਟਣ ਤੋਂ ਬਾਅਦ ਡੇਰਾ ਬਾਬਾ ਗਾਂਧਾ ਸਿੰਘ ਦੇ ਮੁਖੀਆ ਮਹੰਤ ਪਿਆਰਾ ਸਿੰਘ ਨੇ ਬੱਸ ਸਟੈਂਡ ਨੇੜੇ ਡੇਰੇ ਦੀ ਮਾਲਕੀ ਵਾਲੀਆਂ ਦੁਕਾਨਾਂ ਵਿੱਚ ਬਤੌਰ ਕਿਰਾਏਦਾਰ ਕੰਮ ਕਰ ਰਹੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮਹੰਤ ਪਿਆਰਾ ਸਿੰਘ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਕੇਸ ਵਾਪਸ ਲੈ ਲਿਆ ਹੈ ਅਤੇ ਹੁਣ ਡੇਰਾ ਬਾਬਾ ਗਾਂਧਾ ਸਿੰਘ ਦੀ ਮਲਕੀਅਤ ਵਾਲੀ ਕਿਸੇ ਵੀ ਜਗ੍ਹਾ ਨਾਲ ਸ਼੍ਰੋਮਣੀ ਕਮੇਟੀ ਦਾ ਕੋਈ ਵਾਹ ਵਾਸਤਾ ਨਹੀਂ ਹੈ। ਮਹੰਤ ਪਿਆਰਾ ਸਿੰਘ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਮੁਲਾਜ਼ਮ ਦੁਕਾਨਦਾਰਾਂ ਨੂੰ ਕਿਰਾਏ ਸਬੰਧੀ ਜਾਂ ਕਿਸੇ ਹੋਰ ਕਾਰਨ ਤੰਗ ਪਰੇਸ਼ਾਨ ਨਹੀਂ ਕਰ ਸਕਦਾ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਮਹੰਤ ਪਿਆਰਾ ਸਿੰਘ ਨੇ ਕਿਰਾਏਦਾਰਾਂ ਨੂੰ ਡੇਰਾ ਬਾਬਾ ਗਾਂਧਾ ਸਿੰਘ ਨਾਲ ਕਿਰਾਇਆਨਾਮਾ ਲਿਖਣ ਅਤੇ ਕਿਰਾਏ ਦੀਆਂ ਰਸੀਦਾਂ ਲੈਣ ਦੀ ਅਪੀਲ ਵੀ ਕੀਤੀ। ਬਾਬਾ ਪਿਆਰਾ ਸਿੰਘ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ ਕਿਰਾਇਆਨਾਮਾ ਲਿਖਣ ਸਬੰਧੀ ਜਾਂ ਹੋਰ ਜਾਣਕਾਰੀ ਲੈਣ ਸਬੰਧੀ ਐਡਵੋਕੇਟ ਬਲਜਿੰਦਰ ਸਿੰਘ ਧਾਲੀਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਦੁਕਾਨਦਾਰਾਂ ਨੇ ਬਾਬਾ ਪਿਆਰਾ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਬਾਬਾ ਪਿਆਰਾ ਸਿੰਘ ਨੇ ਦੁਕਾਨਦਾਰਾਂ ਨੂੰ ਨਿਰਮਲੇ ਭੇਖ ਦੀ ਸਿਰਮੌਰ ਜਥੇਬੰਦੀ ਵੱਲੋਂ ਉਹਨਾਂ ਦੇ ਹੱਕ ਵਿੱਚ ਮੁਖੀਆ ਮਹੰਤ ਹੋਣ ਦੇ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਵੀ ਦਿੱਤੀਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ ਨੇ ਬਾਬਾ ਪਿਆਰਾ ਸਿੰਘ ਨੂੰ ਭਰੋਸਾ ਦਿੱਤਾ ਕਿ ਉਹ ਭਵਿੱਖ ‘ਚ ਕਿਸੇ ਹੋਰ ਸੰਸਥਾ ਜਾਂ ਵਿਅਕਤੀ ਨੂੰ ਡੇਰੇ ਦੀ ਜਾਇਦਾਦ ਦੇ ਮਾਲਕ ਨਹੀਂ ਸਮਝਣਗੇ ਬਲਕਿ ਉਹ ਬਾਬਾ ਪਿਆਰਾ ਸਿੰਘ ਨੂੰ ਹੀ ਦੁਕਾਨਾਂ ਦਾ ਕਿਰਾਇਆ ਬਗੈਰਾ ਦੇਣਗੇ ਤੇ ਜੋ ਵੀ ਦੁਕਾਨਾਂ ਸਬੰਧੀ ਕੋਈ ਸਮੱਸਿਆ ਹੋਵੇਗੀ ਉਹ ਬਾਬਾ ਪਿਆਰਾ ਸਿੰਘ ਨਾਲ ਹੀ ਸਾਂਝੀ ਕਰਨਗੇ। ਇਸ ਮੌਕੇ ਡੇਰਾ ਬਾਬਾ ਗਾਂਧਾ ਸਿੰਘ ਦੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਤੋਂ ਇਲਾਵਾ ਐਡਵੋਕੇਟ ਬਲਜਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ, ਉਜਾਗਰ ਸਿੰਘ ਜ਼ੈਲਦਾਰ, ਸਰਪੰਚ ਹਰਦੇਵ ਸਿੰਘ ਭੱਠਲ, ਪੰਚ ਮੱਖਣ ਸਿੰਘ ਖੁੱਡੀ ਕਲਾਂ, ਸਰਪੰਚ ਜਗਜੀਤ ਸਿੰਘ ਸੇਖੋਂ, ਦਰਸ਼ਨ ਸਿੰਘ, ਸਰਪੰਚ ਰੂਪ ਸਿੰਘ ਸੋਹਲ ਪੱਤੀ, ਪੰਚ ਅੰਮ੍ਰਿਤ ਸਿੰਘ ਖੁੱਡੀ ਕਲਾਂ ਆਦਿ ਵੀ ਹਾਜ਼ਰ ਸਨ।
