ਚੰਡੀਗੜ੍ਹ, 3 ਜੂਨ, Gee98 news service
-ਪੰਜਾਬ ਦੀ ਰਾਜਨੀਤੀ ‘ਚ ਸੋਮਵਾਰ ਇੱਕ ਅਜਿਹਾ ਘਟਨਾਕ੍ਰਮ ਵਾਪਰਿਆ ਜਿਸ ਨੇ ਰਾਜਨੀਤਿਕ ਮਾਹਿਰਾਂ ਦਾ ਧਿਆਨ ਖਿੱਚਿਆ ਹੈ। ਜਲੰਧਰ ਵਿਧਾਨ ਸਭਾ ਹਲਕਾ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਦਾ ਅਸਤੀਫ਼ਾ ਮਨਜ਼ੂਰ ਹੋਣ ਦੀਆਂ ਖਬਰਾਂ ਨੇ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਹੈਰਾਨ ਕੀਤਾ। ਵਿਧਾਇਕ ਸ਼ੀਤਲ ਅੰਗੂਰਾਲ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ, ਲੱਗਭੱਗ 69 ਦਿਨ ਬੀਤਣ ਦੇ ਬਾਵਜੂਦ ਵੀ ਉਹਨਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ ਪ੍ਰੰਤੂ ਜਦੋਂ ਵਿਧਾਇਕ ਸੀਤਲ ਅੰਗੂਰਾਲ ਨੇ ਆਪਣਾ ਅਸਤੀਫ਼ਾ ਵਾਪਸ ਲੈਣ ਦੀ ਗੱਲ ਆਖੀ ਅਤੇ ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਵੀ ਲਿਖਿਆ ਤਾਂ ਅਚਾਨਕ ਇਹ ਖਬਰਾਂ ਸਾਹਮਣੇ ਆਈਆਂ ਕਿ ਵਿਧਾਇਕ ਸ਼ੀਤਲ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ। ਸੋਮਵਾਰ ਸਵੇਰੇ ਵਿਧਾਇਕ ਸ਼ੀਤਲ ਅੰਗੂਰਾਲ ਸਪੀਕਰ ਵੱਲੋਂ ਬੁਲਾਏ ਜਾਣ ‘ਤੇ ਸਪੀਕਰ ਨੂੰ ਮਿਲਣ ਗਏ ਸਨ ਪਰੰਤੂ ਅੱਗੇ ਸਪੀਕਰ ਸਾਹਿਬ ਦਿੱਲੀ ਹੋਣ ਕਰਕੇ ਉਹਨਾਂ ਨੂੰ ਨਹੀਂ ਮਿਲ ਸਕੇ ਤਾਂ ਵਿਧਾਇਕ ਨੇ ਆਪਣਾ ਅਸਤੀਫ਼ਾ ਮਨਜ਼ੂਰ ਨਾ ਕਰਨ ਸਬੰਧੀ ਪੱਤਰ ਵਿਧਾਨ ਸਭਾ ਦੇ ਸਕੱਤਰ ਨੂੰ ਦਿੱਤਾ ਅਤੇ ਰਸੀਦ ਪ੍ਰਾਪਤ ਕੀਤੀ ਪ੍ਰੰਤੂ ਇਸ ਦੌਰਾਨ ਅਸਤੀਫ਼ਾ ਮਨਜ਼ੂਰ ਹੋਣ ਦੀਆਂ ਖ਼ਬਰਾਂ ਨੇ ਸ਼ੀਤਲ ਅੰਗੁਰਾਲ ਨੂੰ ਸਿਆਸੀ ਘੁੰਮਣ ਘੇਰੀਆਂ ਵਿੱਚ ਫਸਾ ਦਿੱਤਾ। ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਭਾਜਪਾ ਜੁਆਇਨ ਕਰਨ ਮੌਕੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਲਗਾ ਲਈ ਸੀ ਪਰੰਤੂ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਜਦ ਉਹਨਾਂ ਨੇ ਅਸਤੀਫ਼ਾ ਵਾਪਸ ਲੈਣ ਸਬੰਧੀ ਖ਼ਬਰਾਂ ਦਿੱਤੀਆਂ ਤਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਵੀ ਹਟਾ ਦਿੱਤੀ ਅਤੇ ਅਸਤੀਫ਼ਾ ਮਨਜ਼ੂਰ ਨਾ ਕਰਨ ਸਬੰਧੀ ਵਿਧਾਨ ਸਭਾ ਦੇ ਸਪੀਕਰ ਨੂੰ ਬੇਨਤੀ ਕੀਤੀ। ਦੂਜੇ ਪਾਸੇ ਇਹ ਖ਼ਬਰਾਂ ਸਾਹਮਣੇ ਆ ਗਈਆਂ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਚੁੱਕਾ ਹੈ। ਇਨਾਂ ਪੈਦਾ ਹੋਏ ਹਾਲਾਤਾਂ ਤੋਂ ਬਾਅਦ ਵਿਧਾਇਕ ਸ਼ੀਤਲ ਦੇ ਭਵਿੱਖ ਬਾਰੇ ਫਿਲਹਾਲ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਉਹਨਾਂ ਪ੍ਰਤੀ “ਕਿਸੇ ਪਾਸੇ ਦਾ ਨਹੀਂ ਰਿਹਾ” ਵਰਗੀਆਂ ਟਿੱਪਣੀਆਂ ਵੇਖਣ ਨੂੰ ਮਿਲ ਰਹੀਆਂ ਹਨ। ਹੁਣ ਵਿਧਾਇਕ ਸੀਤਲ ਅੰਗਰਾਲ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲੈ ਕੇ ਜਾਣਗੇ।