ਚੰਡੀਗੜ੍ਹ, 30 ਮਈ, Gee98 news service
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਦੂਜੀ ਵਾਰ ਵੱਡੀ ਕੁਤਾਹੀ ਸਾਹਮਣੇ ਆਈ ਹੈ। ਪੰਜਾਬ ‘ਚ ਚੋਣ ਪ੍ਰਚਾਰ ਦੇ ਆਖਰੀ ਦਿਨ ਹੁਸ਼ਿਆਰਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਸਮੇਂ ਪ੍ਰਧਾਨ ਮੰਤਰੀ ਦਾ ਜਹਾਜ਼ ਉਤਾਰਨ ਲਈ ਤਿਆਰ ਕੀਤੇ ਹੈਲੀਪੈਡ ਨੂੰ ਖਰਾਬ ਕਰਨ ਸਬੰਧੀ ਕਿਸੇ ਦੀ ਸ਼ਰਾਰਤ ਜਾਂ ਸਾਜ਼ਿਸ਼ ਸਾਹਮਣੇ ਆਈ ਹੈ, ਹਾਲਾਂਕਿ ਡਿਪਟੀ ਕਮਿਸ਼ਨਰ ਨੇ ਇਸ ਨੂੰ ਸ਼ਰਾਰਤ ਕਹਿੰਦੇ ਹੋਏ ਜਾਂਚ ਦੀ ਗੱਲ ਆਖੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਜਗ੍ਹਾ ‘ਤੇ ਹੈਲੀਪੈਡ ਤਿਆਰ ਕੀਤਾ ਗਿਆ ਸੀ ਉਸ ਤੋਂ ਤਿੰਨ ਕਿਲੋਮੀਟਰ ਦੂਰ ਇੱਕ ਨਹਿਰ ਵਗਦੀ ਹੈ। ਪ੍ਰਧਾਨ ਮੰਤਰੀ ਦੀ ਆਮਦ ਤੋਂ ਕੁਝ ਸਮਾਂ ਪਹਿਲਾਂ ਹੀ ਇਸ ਨਹਿਰ ਦਾ ਪਾਣੀ ਕਿਸੇ ਵਿਅਕਤੀ ਨੇ ਹੈਲੀਪੈਡ ਵਾਲੇ ਪਾਸੇ ਖੋਲ ਦਿੱਤਾ, ਜਿਸ ਦਾ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹੈਲੀਪੈਡ ਤੋਂ ਨਹਿਰ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਪਾਣੀ ਇਕ ਕਿਲੋਮੀਟਰ ਤੱਕ ਪੁੱਜ ਗਿਆ ਸੀ ਜਿੱਥੋਂ ਹੈਲੀਪੈਡ ਸਿਰਫ ਦੋ ਕਿਲੋਮੀਟਰ ਦੂਰ ਸੀ ਪ੍ਰਸ਼ਾਸਨ ਨੇ ਤੁਰੰਤ ਜੇਸੀਬੀ ਮਸ਼ੀਨ ਮੰਗਾ ਕੇ ਵੱਡੇ ਟੋਏ ਪੱਟ ਕੇ ਹੈਲੀਪੈਡ ਤੋਂ ਦੋ ਕਿਲੋਮੀਟਰ ਪਾਣੀ ਪਿੱਛੇ ਰੋਕਿਆ ਤੇ ਨਹਿਰ ਦਾ ਪਾਣੀ ਵੀ ਬੰਦ ਕਰਵਾਇਆ। ਇਸ ਸਬੰਧੀ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਨਹਿਰੀ ਵਿਭਾਗ ਤੋਂ ਰਿਪੋਰਟ ਤਲਬ ਕੀਤੀ ਗਈ ਹੈ ਕਿ ਪ੍ਰਧਾਨ ਮੰਤਰੀ ਦੀ ਰੈਲੀ ਅਤੇ ਰੈਲੀ ਵਾਲੇ ਸਥਾਨ ਵੱਲ ਕਿਸੇ ਨੇ ਪਾਣੀ ਕਿਉਂ ਅਤੇ ਕਿਵੇਂ ਛੱਡਿਆ। ਨਹਿਰੀ ਵਿਭਾਗ ਦੇ SDO ਦਾ ਕਹਿਣਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਲੱਗ ਰਹੀ ਹੈ। ਦੂਜੇ ਪਾਸੇ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਹੈਲੀਪੈਡ ਵਾਲੀ ਜਗ੍ਹਾ ਖਰਾਬ ਕਰਨ ਦੀ ਇਹ ਕਿਸੇ ਦੀ ਸਾਜਿਸ਼ ਹੈ। ਯਾਦ ਰਹੇ ਕਿ ਵਿਧਾਨ ਸਭਾ ਚੋਣਾਂ ਮੌਕੇ ਵੀ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਸਬੰਧੀ ਵੀ ਵੱਡਾ ਮਸਲਾ ਖੜਾ ਹੋਇਆ ਜਿਸ ਲਈ ਪੰਜਾਬ ਦੇ ਕਈ ਅਧਿਕਾਰੀਆਂ ‘ਤੇ ਕਾਰਵਾਈ ਦੇ ਹੁਕਮ ਜਾਰੀ ਹੋਏ ਸਨ।
