ਬਰਨਾਲਾ,27 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ )-
-ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬਰਨਾਲਾ ਵਿਖੇ ਇਕ ਟਕਸਾਲੀ ਅਕਾਲੀ ਹਿੰਦੂ ਆਗੂ ਰਾਜ ਧੌਲਾ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕੀਤੀ। ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਰਾਜ ਧੌਲਾ ਤੇ ਉਹਨਾਂ ਦੇ ਸਾਥੀਆਂ ਦਾ ਸਵਾਗਤ ਕੀਤਾ। ਬਰਨਾਲਾ ਚ ਅਚਾਨਕ ਵਾਪਰੀ ਦਲ ਬਦਲੀ ਦੀ ਇਸ ਘਟਨਾ ਨੇ ਬਰਨਾਲਾ ਸ਼ਹਿਰ ਵਿੱਚ ਅਕਾਲੀ ਦਲ ਦੇ ਸਾਹ ਸੂਤ ਲਏ ਹਨ। ਰਾਜ ਧੌਲਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਰਹੂਮ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੇ ਸਮੇਂ ਤੋਂ ਵਿਚਰ ਰਹੇ ਸਨ ਅਤੇ ਉਹ ਸਰਦਾਰ ਬਰਨਾਲਾ ਦੇ ਪਰਿਵਾਰਿਕ ਮੈਂਬਰਾਂ ਵਾਂਗ ਰਹੇ ਹਨ। ਜਦੋਂ ਪੱਤਰਕਾਰਾਂ ਨੇ ਰਾਜ ਧੌਲਾ ਨੂੰ ਸ਼੍ਰੋਮਣੀ ਅਕਾਲੀ ਦਲ ਛੱਡ ਕੇ “ਆਪ” ਵਿੱਚ ਸ਼ਮੂਲੀਅਤ ਦਾ ਕਾਰਨ ਪੁੱਛਿਆ ਤਾਂ ਰਾਜ ਧੌਲਾ ਨੇ ਸਥਾਨਕ ਅਕਾਲੀ ਲੀਡਰਸ਼ਿਪ ‘ਤੇ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਹਲਕਾ ਕਮਾਂਡਰ ਤੇ ਜ਼ਿਲ੍ਹਾ ਪ੍ਰਧਾਨ ਸਮੇਤ ਸਥਾਨਕ ਆਗੂ ਪਿਛਲੇ ਕੁਝ ਸਮੇਂ ਤੋਂ ਆਪਣੀ ਡਿਕਟੇਟਰਸ਼ਿਪ ਚਲਾ ਰਹੇ ਹਨ। ਉਹਨਾਂ ਕਿਹਾ ਕਿ ਹੁਣ ਅਕਾਲੀ ਦਲ ਵਿੱਚ ਵਰਕਰਾਂ ਨੂੰ ਵਰਕਰ ਨਹੀਂ ਸਗੋਂ ਮੁਲਾਜ਼ਮ ਸਮਝਿਆ ਜਾਂਦਾ ਹੈ। ਰਾਜ ਧੌਲਾ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਪਹਿਲਾ ਬਰਨਾਲਾ ਪਰਿਵਾਰ ਨੂੰ ਸਿਆਸੀ ਤੌਰ ‘ਤੇ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਕਿੰਨਾਂ ਅਤੇ ਹੁਣ ਢੀਂਡਸਾ ਪਰਿਵਾਰ ਪ੍ਰਤੀ ਵੀ ਬੇਈਮਾਨੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਰਾਜ ਧੌਲਾ ਨੇ ਕਿਹਾ ਕਿ ਅਕਾਲੀ ਦਲ ਹੁਣ ਪਹਿਲਾਂ ਵਾਲਾ ਅਕਾਲੀ ਦਲ ਨਹੀਂ ਰਿਹਾ, ਇੱਥੇ ਹੁਣ ਵਰਕਰਾਂ ਦੀ ਕੋਈ ਕਦਰ ਨਹੀਂ ਹੈ। ਰਾਜ ਧੌਲਾ ਤੇ ਇਹਨਾਂ ਦੋਸ਼ਾਂ ਨੂੰ ਭਾਵੇਂ ਸਥਾਨਕ ਅਕਾਲੀ ਆਗੂ ਸਿਆਸੀ ਨਜ਼ਰੀਏ ਨਾਲ ਵੇਖਣ ਪਰੰਤੂ ਇਕ ਟਕਸਾਲੀ ਹਿੰਦੂ ਅਕਾਲੀ ਆਗੂ ਦੇ ਇਹਨਾਂ ਦੋਸ਼ਾਂ ਨੇ ਸਥਾਨਕ ਆਗੂਆਂ ਨੂੰ ਕਟਹਿਰੇ ਵਿੱਚ ਜ਼ਰੂਰ ਖੜਾ ਕੀਤਾ ਹੈ। ਦੂਜੇ ਪਾਸੇ ਰਾਜ ਧੌਲਾ ਦੀ ਮਦਦ ਮਿਲਣ ਤੋਂ ਬਾਅਦ ਗਦਗਦ ਹੋਏ ਮੀਤ ਹੇਅਰ ਨੇ ਕਿਹਾ ਕਿ ਉਹਨਾਂ ਦੀ ਚੋਣ ਮੁਹਿੰਮ ਨੂੰ ਯਕੀਨਨ ਹੁਲਾਰਾ ਮਿਲੇਗਾ ਅਤੇ ਉਹ ਬਰਨਾਲਾ ਸ਼ਹਿਰ ਵਿੱਚੋਂ ਵੱਡੀ ਜਿੱਤ ਪ੍ਰਾਪਤ ਕਰਨਗੇ।