ਬਰਨਾਲਾ,26 ਮਾਰਚ (ਨਿਰਮਲ ਸਿੰਘ ਪੰਡੋਰੀ)-
Gee98 news service
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਡਰੀਮ ਪ੍ਰੋਜੈਕਟ ਘਰ ਘਰ ਰਾਸ਼ਨ ਸਕੀਮ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਜਗਜੀਤਪੁਰਾ ਵਿੱਚ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੇ ਆਟਾ ਲੈਣ ਤੋਂ ਨਾਂਹ ਕਰ ਦਿੱਤੀ। ਸਕੀਮ ਦੇ ਲਾਭਪਾਤਰੀ ਕਰਮਜੀਤ ਕੌਰ ਨੇ ਦੱਸਿਆ ਕਿ ਕਣਕ 15 ਕਿਲੋ ਇਕੱਠੀ ਦਿੱਤੀ ਜਾਂਦੀ ਹੈ ਅਤੇ ਆਟਾ ਪੰਜ ਕਿਲੋ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕਣਕ ਲਾਭਪਾਤਰੀ ਆਪਣੀ ਲੋੜ ਮੁਤਾਬਕ ਚੱਕੀ ‘ਤੇ ਲਿਜਾ ਕੇ ਆਟਾ ਬਣਾ ਸਕਦੇ ਹਨ ਪ੍ਰੰਤੂ ਆਟਾ ਜਦ ਵੀ ਵੰਡਿਆ ਜਾਵੇਗਾ ਤਾਂ ਲੈਣਾ ਹੀ ਪਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਜਦ ਮਾਰਕਫੈੱਡ ਦੇ ਮੁਲਾਜ਼ਮ ਪਿੰਡ ਸੁਖਪੁਰਾ ਤੋਂ ਜਗਜੀਤਪੁਰਾ ਵਿੱਚ ਆਟਾ ਵੰਡਣ ਆਏ ਤਾਂ ਲਾਭਪਾਤਰੀਆਂ ਨੇ ਆਟਾ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਆਟਾ ਵੰਡਣ ਆਏ ਮੁਲਾਜ਼ਮਾਂ ਨੂੰ ਬੇਰੰਗ ਚਿੱਠੀ ਵਾਂਗ ਵਾਪਸ ਮੋੜ ਦਿੱਤਾ। ਇਸ ਮੌਕੇ ਲਾਭਪਾਤਰੀਆਂ ਨੇ ਆਟਾ ਵੰਡਣ ਆਏ ਮੁਲਾਜ਼ਮਾਂ ਨੂੰ ਇਹ ਵੀ ਕਿਹਾ ਕਿ ਦੁਬਾਰਾ ਉਹਨਾਂ ਦੇ ਪਿੰਡ ਵਿੱਚ ਆਟਾ ਵੰਡਣ ਨਾ ਆਇਆ ਜਾਵੇ। ਕਰਮਜੀਤ ਕੌਰ ਨੇ ਦੱਸਿਆ ਕਿ ਲੱਗਭੱਗ 100 ਦੇ ਕਰੀਬ ਲਾਭਪਾਤਰੀਆਂ ਨੇ ਆਟੇ ਦੀ ਬਜਾਏ ਕਣਕ ਲੈਣ ਨੂੰ ਤਰਜੀਹ ਦਿੱਤੀ ਜਦਕਿ ਸਰਕਾਰ ਵੱਲੋਂ ਲਾਭਪਾਤਰੀਆਂ ਦੀ ਗੱਲ ਨਾ ਸੁਣਦੇ ਹੋਏ ਧੱਕੇ ਨਾਲ ਆਟਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਲਾਭਪਾਤਰੀਆਂ ਦੀ ਰਾਏ ਲਈ ਜਾਵੇਗੀ ਕਿ ਆਟਾ ਲੈਣਾ ਹੈ ਜਾਂ ਕਣਕ ਪਰੰਤੂ ਇਸ ਦੇ ਉਲਟ ਹੁਣ ਧੱਕੇ ਨਾਲ ਆਟਾ ਹੀ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਡਿਪੂ ਹੋਲਡਰਾਂ ਦੀ ਸੂਬਾ ਪੱਧਰੀ ਜਥੇਬੰਦੀ ਦੇ ਮੁੱਖ ਬੁਲਾਰੇ ਬਿੰਦਰ ਸਿੰਘ ਉਗੋਕੇ ਨੇ ਕਿਹਾ ਕਿ ਸਰਕਾਰ ਜਿੱਥੇ ਧੱਕੇ ਨਾਲ ਆਟਾ ਵੰਡਣਾ ਸ਼ੁਰੂ ਕਰਕੇ ਡਿਪੂ ਹੋਲਡਰਾਂ ਦੇ ਪਰਿਵਾਰ ਉਜਾੜਨ ‘ਤੇ ਲੱਗੀ ਹੋਈ ਹੈ ਉੱਥੇ ਇਸ ਸਕੀਮ ਦੇ ਲਾਭਪਾਤਰੀਆਂ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ ਹੈ। ਬਿੰਦਰ ਸਿੰਘ ਉਗੋਕੇ ਨੇ ਕਿਹਾ ਕਿ ਲਾਭਪਾਤਰੀਆਂ ਨੂੰ ਇਹ ਝੂਠ ਬੋਲ ਕੇ ਆਟਾ ਵੰਡਿਆ ਜਾ ਰਿਹਾ ਹੈ ਕਿ ਇਹ ਆਟਾ ਤੁਸੀਂ ਲੈ ਲਵੋ ਇਸ ਤੋਂ ਇਲਾਵਾ ਕਣਕ ਵੀ ਤੁਹਾਨੂੰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਸੱਚਾਈ ਇਹ ਹੈ ਕਿ ਜਿਨਾਂ ਲਾਭਪਾਤਰੀਆਂ ਨੇ ਆਟਾ ਲੈ ਲਿਆ ਉਹਨਾਂ ਨੂੰ ਕਣਕ ਨਹੀਂ ਮਿਲੇਗੀ ਜਦ ਕਿ ਬਹੁ ਗਿਣਤੀ ਲਾਭਪਾਤਰੀ ਆਟਾ ਨਹੀਂ ਸਗੋਂ ਕਣਕ ਹੀ ਲੈਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸ਼ੁਰੂ ਵਿੱਚ ਝੂਠ ਬੋਲ ਕੇ ਆਟਾ ਵੰਡ ਦਿੱਤਾ ਗਿਆ ਪ੍ਰੰਤੂ ਹੁਣ ਜਦੋਂ ਲੋਕਾਂ ਨੂੰ ਇਸ ਸਕੀਮ ਦੀ ਸੱਚਾਈ ਦਾ ਪਤਾ ਲੱਗਦਾ ਜਾ ਰਿਹਾ ਤਾਂ ਲੋਕ ਆਟਾ ਲੈਣ ਤੋਂ ਨਾਂਹ ਕਰ ਰਹੇ ਹਨ ਅਤੇ ਕਣਕ ਲੈਣ ਨੂੰ ਤਰਜੀਹ ਦੇ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਧੱਕੇ ਨਾਲ ਸ਼ੁਰੂ ਕੀਤੀ ਇਸ ਸਕੀਮ ਦੀ ਸਫਲਤਾ ਸਬੰਧੀ “ਕੰਧ ‘ਤੇ ਲਿਖਿਆ” ਪੜ੍ਹ ਲੈਣਾ ਚਾਹੀਦਾ ਹੈ, ਨਹੀਂ ਤਾਂ ਲੋਕ ਸਭਾ ਚੋਣਾਂ ਵਿੱਚ ਲੋਕ ਅਤੇ ਡਿਪੂ ਹੋਲਡਰ ਪੰਜਾਬ ਦੀ ਸਿਆਸੀ ਕੰਧ ‘ਤੇ ਨਵੀਂ ਇਬਾਰਤ ਲਿਖਣਗੇ।