ਚੰਡੀਗੜ੍ਹ,2 ਫਰਵਰੀ-ਪੰਜਾਬ ਦੀ ਸਪੈਸ਼ਲ ਟਾਸਕ ਫੋਰਸ STF ਨੇ ਨਸ਼ਾ ਤਸਕਰੀ ਦੇ ਕੇਸ ਵਿੱਚ ਫਰਾਰ ਚੱਲੇ ਆ ਰਹੇ ਪੰਜਾਬ ਪੁਲਿਸ ਦੇ ਬਰਖਾਸਤ AIG ਰਾਜਜੀਤ ਸਿੰਘ ਦੀ ਸੰਪੱਤੀ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੰਪੱਤੀ ਅਟੈਚ ਕਰਨ ਦੀ ਕਾਰਵਾਈ ਕੇਂਦਰੀ ਵਿੱਤ ਮੰਤਰਾਲੇ ਦੇ ਅਧੀਨ ਹੈ ਇਸ ਲਈ STF ਪੰਜਾਬ ਨੇ ਕੇਸ ਬਣਾ ਕੇ ਵਿੱਤ ਮੰਤਰਾਲਾ ਨੂੰ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਕੇਂਦਰੀ ਵਿੱਤ ਮੰਤਰਾਲੇ ਨੇ AIG ਦੇ ਪਰਿਵਾਰਿਕ ਮੈਂਬਰਾਂ ਨੂੰ ਸਾਰੀ ਸੰਪੱਤੀ ਨਾਲ ਜੁੜੇ ਦਸਤਾਵੇਜ਼ਾਂ ਸਮੇਤ 9 ਫਰਵਰੀ ਨੂੰ ਆਪਣਾ ਪੱਖ ਰੱਖਣ ਲਈ ਦਿੱਲੀ ਬੁਲਾਇਆ ਹੈ। STF ਵੱਲੋਂ ਇਹ ਕਾਰਵਾਈ NDPS ਐਕਟ ਦੇ ਸੈਕਸ਼ਨ 64 ਦੇ ਤਹਿਤ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ AIG ਵੱਲੋਂ ਪੰਜਾਬ ਦੇ ਕਈ ਜਿਲ੍ਹਿਆਂ ‘ਚ ਕਰੋੜਾਂ ਰੁਪਏ ਦੀ ਸੰਪੱਤੀ ਬਣਾਈ ਗਈ ਹੈ ਜਿਨਾਂ ਵਿੱਚ ਨਿਊ ਚੰਡੀਗੜ੍ਹ ਸਥਿਤ ਮੁੱਲਾਂਪੁਰ ਦੇ ਪਿੰਡ ਮਾਜਰੀ ਵਿੱਚ ਉਹਨਾਂ ਨੇ 2013 ‘ਚ 7 ਨਾਲ 40 ਮਰਲੇ ਜ਼ਮੀਨ 40 ਲੱਖ ਰੁਪਏ ਵਿੱਚ ਖਰੀਦੀ। ਇਸ ਤਰ੍ਹਾਂ ਨਿਊ ਚੰਡੀਗੜ੍ਹ ਦੇ ਈਕੋ ਸਿਟੀ ‘ਚ 500 ਵਰਗ ਗਜ ਦਾ ਪਲਾਟ, 2016 ‘ਚ ਮੋਹਾਲੀ ਦੇ ਸੈਕਟਰ 69 ‘ਚ 500 ਵਰਗ ਗਜ ਦੀ ਡੇਢ ਕਰੋੜ ਦੀ ਕੋਠੀ, ਮੋਹਾਲੀ ਦੇ ਸੈਕਟਰ 82 ‘ਚ 733 ਵਰਗ ਗਜ ਦਾ ਪਲਾਟ 2017 ‘ਚ AIG ਨੇ 55 ਲੱਖ ਰੁਪਏ ਵਿੱਚ ਖਰੀਦਿਆ ਸੀ। ਇਸ ਤੋਂ ਇਲਾਵਾ 2020 ਵਿੱਚ ਲੁਧਿਆਣਾ ਦੇ ਇੱਕ ਸ਼ਾਪਿੰਗ ਕੰਪਲਿਕਸ ਵਿੱਚ AIG ਰਾਜਜੀਤ ਸਿੰਘ ਨੇ ਇੱਕ ਕਰੋੜ ਤੋਂ ਵੱਧ ਦੇ ਸ਼ੇਅਰ ਵੀ ਖਰੀਦੇ ਸਨ। STF ਅਨੁਸਾਰ AIG ਅਤੇ ਉਹਨਾਂ ਦੇ ਪਰਿਵਾਰ ਨੇ ਪਿਛਲੇ 10 ਸਾਲਾਂ ‘ਚ ਲਗਭਗ 13 ਕਰੋੜ ਦਾ ਲੈਣ ਦੇਣ ਕੀਤਾ ਹੈ, ਜਿਸ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ। ਜ਼ਿਕਰਯੋਗ ਹੈ ਕਿ 2017 ‘ਚ AIG ਰਾਜਜੀਤ ਸਿੰਘ ਦੇ ਸਾਥੀ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਹਥਿਆਰਾਂ ਅਤੇ ਭਾਰੀ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੀ ਰਾਜਜੀਤ ਸਿੰਘ ਨੂੰ ਇਸ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਸੀ ਕਿਉਂਕਿ ਰਾਜਜੀਤ ਸਿੰਘ ‘ਤੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਬਚਾਉਣ, ਗਲਤ ਰਿਕਾਰਡ ਪੇਸ਼ ਕਰਨ, ਬਰਾਮਦ ਹੋਏ ਨਸ਼ਾ ਸਮੱਗਰੀ ਨਾਲ ਛੇੜਛਾੜ ਕਰਨ ਅਤੇ ਗਲਤ ਤਰੀਕੇ ਨਾਲ ਇੰਦਰਜੀਤ ਸਿੰਘ ਨੂੰ ਪ੍ਰਮੋਸ਼ਨ ਦੇਣ ਦੇ ਦੋਸ਼ ਸਨ। ਇਸ ਤੋਂ ਬਾਅਦ ਰਾਜਜੀਤ ਸਿੰਘ ਫਰਾਰ ਹੋ ਗਿਆ ਸੀ ਅਤੇ ਕੁਝ ਸਮੇਂ ਬਾਅਦ ਉਸ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ ਪ੍ਰੰਤੂ ਇੱਕ ਮਾਮਲੇ ‘ਚ ਜ਼ਮਾਨਤ ਰੱਦ ਹੋਣ ਤੋਂ ਬਾਅਦ ਉਹ ਫਿਰ ਫਰਾਰ ਹੋ ਗਿਆ ਤੇ ਹੁਣ ਤੱਕ ਫਰਾਰ ਹੀ ਚੱਲਿਆ ਆ ਰਿਹਾ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ AIG ਰਾਜਜੀਤ ਸਿੰਘ ਅਤੇ ਇੰਸਪੈਕਟਰ ਇੰਦਰਜੀਤ ਸਿੰਘ ਵੱਖ-ਵੱਖ ਥਾਵਾਂ ‘ਤੇ ਇਕੱਠੇ ਹੀ ਤਾਇਨਾਤ ਰਹੇ ਸਨ। ਸਾਲ 2012 ਤੋਂ 2017 ਤੱਕ ਜਿੱਥੇ ਰਾਜਜੀਤ ਸਿੰਘ ਦੀ ਨਿਯੁਕਤੀ ਹੋਈ ਉੱਥੇ ਹੀ ਉਹ ਆਪਣੇ ਨਾਲ ਇੰਦਰਜੀਤ ਸਿੰਘ ਨੂੰ ਵੀ ਬਦਲੀ ਕਰਵਾ ਕੇ ਲਿਜਾਂਦੇ ਸਨ।