ਚੰਡੀਗੜ੍ਹ,28 ਜਨਵਰੀ- ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿਖੇ ਹੋਏ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਝੰਡਾ ਲਹਿਰਾਉਣ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਚਾਨਕ ਸਮਾਗਮ ਵਿਚਾਲੇ ਛੱਡ ਕੇ ਚਲੇ ਜਾਣ ਸਬੰਧੀ ਭੇਦ ਬਣਿਆ ਹੋਇਆ ਹੈ ਕਿ ਆਖਰ ਅਜਿਹਾ ਕੀ ਕਾਰਨ ਹੋ ਸਕਦਾ ਹੈ ਕਿ ਕੌਮੀ ਝੰਡਾ ਲਹਿਰਾ ਕੇ ਆਪਣਾ ਭਾਸ਼ਣ ਦੇਣ ਤੋਂ ਬਾਅਦ ਕੁਝ ਕੁ ਪੁਲਿਸ ਅਧਿਕਾਰੀਆਂ ਦਾ ਸਨਮਾਨ ਕਰਕੇ ਮੁੱਖ ਮੰਤਰੀ ਅਚਾਨਕ ਹੀ ਸਮਾਗਮ ਵਿਚਾਲੇ ਛੱਡ ਕੇ ਚਲੇ ਗਏ। ਸਮਾਗਮ ਦੌਰਾਨ ਮੁੱਖ ਮੰਤਰੀ ਦੇ ਉਸ ਡੀ ਨੂੰ ਕਿਸੇ ਦਾ ਫੋਨ ਆਇਆ ਜਿਸ ਤੋਂ ਬਾਅਦ ਓਐਸਡੀ ਨੇ ਮੁੱਖ ਮੰਤਰੀ ਦੇ ਕੰਨ ਚ ਕੁਝ ਆਖਿਆ ਅਤੇ ਕੁਝ ਮਿੰਟਾਂ ਬਾਅਦ ਹੀ ਮੁੱਖ ਮੰਤਰੀ ਸਮਾਗਮ ਛੱਡ ਕੇ ਚਲੇ ਗਏ। ਸੁਤੰਤਰਤਾ ਦਿਵਸ ਅਤੇ ਗਣਤੰਤਰਤਾ ਦਿਵਸ ਦੇ ਸਮਾਗਮਾਂ ਦੇ ਪ੍ਰੋਟੋਕੋਲ ਅਨੁਸਾਰ ਸਾਰੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਹੀ ਮੁੱਖ ਮਹਿਮਾਨ ਦੀ ਰਵਾਨਗੀ ਹੁੰਦੀ ਹੈ। ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਸ਼ਾਇਦ ਹੀ ਕਦੇ ਹੋਇਆ ਹੋਵੇ ਕਿ ਮੁੱਖ ਮੰਤਰੀ ਸੁਤੰਤਰਤਾ ਦਿਵਸ ਜਾਂ ਗਣਤੰਤਰਤਾ ਦਿਵਸ ਦੇ ਸਮਾਗਮ ਨੂੰ ਇਸ ਤਰ੍ਹਾਂ ਵਿਚਾਲੇ ਛੱਡ ਕੇ ਚਲਿਆ ਗਿਆ ਹੋਵੇ।ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਸਪੈਸ਼ਲ ਚੀਫ਼ ਸੈਕਟਰੀ ਵੀ.ਕੇ ਸਿੰਘ ਨੇ ਮੁਲਾਜ਼ਮਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਤੇ ਸਾਰੇ ਸਮਾਗਮ ਦੌਰਾਨ ਹਾਜ਼ਰ ਰਹੇ। ਮੁੱਖ ਮੰਤਰੀ ਭਗਵੰਤ ਮਾਨ ਨੇ ਗਣਤੰਤਰ ਦਿਵਸ ਮੌਕੇ ਲੁਧਿਆਣਾ ‘ਚ ਕਈ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਾ ਸੀ। ਗਣਤੰਤਰ ਦਿਵਸ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਕੇਂਦਰੀ ‘ਚ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨਾ ਸੀ ਤੇ ਉਸ ਤੋਂ ਬਾਅਦ 10 ਸਾਲਾਂ ਤੋਂ ਬੰਦ ਪਏ ਚਾਂਦ ਸਿਨੇਮਾ ਪੁਲ ਦੇ ਕੰਮ ਦਾ ਉਦਘਾਟਨ ਕਰਨਾ ਸੀ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ, ਪੂਰਾ ਰੂਟ ਲੱਗ ਗਿਆ ਸੀ, ਪਰ ਮੁੱਖ ਮੰਤਰੀ ਲੁਧਿਆਣਾ ਤੋਂ ਚਲੇ ਗਏ ਅਤੇ ਸਾਰੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ।