ਬਰਨਾਲਾ, 5 ਅਗਸਤ ( ਨਿਰਮਲ ਸਿੰਘ ਪੰਡੋਰੀ )-ਅਵਾਰਾ ਪਸ਼ੂਆਂ ਕਾਰਨ ਹੋਏ ਸੜਕ ਹਾਦਸੇ ਵਿੱਚ ਇੱਕ ਹੋਰ ਘਰ ਦਾ ਚਿਰਾਗ ਹਮੇਸ਼ਾ ਲਈ ਬੁੱਝ ਗਿਆ। ਸਥਾਨਕ ਕਚਹਿਰੀ ਚੌਂਕ ਤੋਂ ਸ਼੍ਰੀ ਗੁਰੂ ਰਵਿਦਾਸ ਚੌਂਕ ਵਾਲੀ ਸੜਕ ‘ਤੇ ਗੁਰਦੁਆਰਾ ਨਾਨਕਸਰ ਦੇ ਨੇੜੇ ਬੀਤੀ ਰਾਤ ਕਰੀਬ 12 ਵਜੇ ਤੋਂ ਬਾਅਦ ਇੱਕ ਕਾਰ ਦੇ ਅਵਾਰਾ ਪਸ਼ੂ ਨਾਲ ਟਕਰਾਉਣ ਤੋਂ ਬਾਅਦ ਕਾਰ ਦੇ ਪਲਟਣ ਕਾਰਨ ਇੱਕ ਨੌਜਵਾਨ ਦੀ ਮੌਤ ਅਤੇ ਤਿੰਨ ਹੋਰਾਂ ਦੇ ਸਖ਼ਤ ਜ਼ਖਮੀ ਹੋਣ ਦੀ ਖ਼ਬਰ ਹੈ । ਥਾਣਾ ਸਿਟੀ -2 ਤਾਇਨਾਤ ਏਐਸਆਈ ਕਰਮਜੀਤ ਸਿੰਘ ਦੇ ਦੱਸਣ ਅਨੁਸਾਰ ਮ੍ਰਿਤਕ ਨੌਜਵਾਨ ਗਗਨਦੀਪ ਸਿੰਘ (31) ਪੁੱਤਰ ਬਿਕਰਮਜੀਤ ਸਿੰਘ ਗਲੀ ਨੰਬਰ 5, ਗਿੱਲ ਨਗਰ, ਬਰਨਾਲਾ ਦਾ ਰਹਿਣ ਵਾਲਾ ਸੀ, ਜਿਸ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮ੍ਰਿਤਕ ਨੌਜਵਾਨ ਗਗਨਦੀਪ ਸਿੰਘ ਸ਼ਾਦੀਸ਼ੁਦਾ ਸੀ ਜਿਸ ਦੇ ਇੱਕ ਬੇਟੀ ਵੀ ਹੈ । ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ‘ਚ ਕੀਮਤੀ ਜਾਨਾਂ ਜਾ ਰਹੀਆਂ ਹਨ ਪਰੰਤੂ ਇਸ ਸਮੱਸਿਆ ਦਾ ਹੱਲ ਕਰਨ ਵੱਲ ਸਰਕਾਰਾਂ ਸੰਜੀਦਾ ਨਹੀਂ ਹਨ ।