ਬਰਨਾਲਾ 11 ਜੂਨ ( ਨਿਰਮਲ ਸਿੰਘ ਪੰਡੋਰੀ)-ਜ਼ਿਲ੍ਹੇ ਦੇ ਕਸਬਾ ਹੰਢਿਆਇਆ ਵਿਖੇ ਇੱਕ 18 ਕੁ ਵਰ੍ਹਿਆਂ ਦੇ ਨੌਜਵਾਨ ਵੱਲੋਂ ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਸ਼ਨਪ੍ਰੀਤ ਸਿੰਘ ਨੇ ਘਰ ਅੰਦਰ ਆਪਣੇ ਕਮਰੇ ਵਿੱਚ ਆਪਣੇ ਪਿਤਾ ਸੁਖਚੈਨ ਸਿੰਘ ਦੇ ਲਾਇਸੈਂਸੀ ਰਿਵਾਲਵਰ ਨਾਲ ਸਿਰ ਵਿੱਚ ਗੋਲੀ ਮਾਰੀ,ਜਿਸ ਨਾਲ ਉਸ ਦੀ ਮੌਤ ਹੋ ਗਈ । ਮ੍ਰਿਤਕ ਦਾ ਪਿਤਾ ਸੁਖਚੈਨ ਸਿੰਘ ਬਰਨਾਲਾ ਸ਼ਹਿਰ ਦੇ ਨੂਰ ਚੌਂਕ ਨੇੜੇ ਮੋਟਰਸਾਈਕਲ ਮਾਰਕੀਟ ਵਿੱਚ “ਆਟੋ ਡੀਲ” ਦਾ ਕੰਮ ਕਰਦਾ ਹੈ ਅਤੇ ਮ੍ਰਿਤਕ ਨੌਜਵਾਨ ਵੀ ਆਪਣੇ ਪਿਤਾ ਨਾਲ ਹੀ ਕੰਮ ਕਰਦਾ ਸੀ । ਐਤਵਾਰ ਸਵੇਰੇ 10 ਕੁ ਵਜੇ ਜਦ ਪਿਤਾ ਨੇ ਪੁੱਤਰ ਨੂੰ ਦੁਕਾਨ ‘ਤੇ ਚੱਲਣ ਲਈ ਕਿਹਾ ਤਾਂ ਜਸ਼ਨਪ੍ਰੀਤ ਸਿੰਘ ਨੇ ਸਿਹਤ ਠੀਕ ਨਾ ਹੋਣ ਦੀ ਗੱਲ ਆਖੀ ਜਿਸ ਕਰਕੇ ਪਿਤਾ ਦੁਕਾਨ ‘ਤੇ ਚਲਾ ਗਿਆ ਪ੍ਰੰਤੂ ਬਾਅਦ ਵਿੱਚ ਜਸ਼ਨਪ੍ਰੀਤ ਸਿੰਘ ਨੇ ਆਪਣੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਕੱਢ ਕੇ ਮਾੜੀ ਘਟਨਾ ਨੂੰ ਅੰਜਾਮ ਦਿੱਤਾ । ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜਸ਼ਨਪ੍ਰੀਤ ਸਿੰਘ ਸਿੱਧੂ ਮੂਸੇਵਾਲੇ ਦਾ ਜ਼ਬਰਦਸਤ ਫੈਨ ਸੀ, ਜਿਸ ਨੇ ਆਪਣੇ ਘਰ ਅਤੇ ਦੁਕਾਨ ‘ਤੇ ਸਿੱਧੂ ਮੂਸੇਵਾਲੇ ਦੇ ਵੱਡੇ ਪੋਸਟਰ ਵੀ ਲਗਾਏ ਹੋਏ ਹਨ ਅਤੇ ਅੱਜ ਸਿੱਧੂ ਮੂਸੇਵਾਲੇ ਦੇ ਜਨਮਦਿਨ ਵਾਲੇ ਦਿਨ, ਉਸਨੇ ਇਹ ਮੰਦਭਾਗਾ ਕਦਮ ਚੁੱਕਿਆ । ਘਟਨਾ ਦਾ ਕਾਰਨ ਭਾਵੇਂ ਕੁਝ ਵੀ ਹੋਵੇ ਪ੍ਰੰਤ ਅਜਿਹੀਆਂ ਘਟਨਾਵਾਂ ਇੱਕ ਸਬਕ ਜ਼ਰੂਰ ਦੇ ਜਾਂਦੀਆਂ ਹਨ ਕਿ ਘਰ ਅੰਦਰ ਪਏ ਲਾਇਸੈਂਸੀ ਹਥਿਆਰਾਂ ਨੂੰ ਆਪਣੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ।