ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਾਂਚ ਲਈ ਵਾਰ-ਵਾਰ ਸੱਦੇ ਜਾਣ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ “ਉਨ੍ਹਾਂ ਨੇ ਸਦਾ ਹੀ ਮੁੱਖ ਮੰਤਰੀ ਨਹੀਂ ਰਹਿਣਾ, ਉਨ੍ਹਾਂ ਨੂੰ ਵੀ ਕਦੇ ਸਾਬਕਾ ਮੁੱਖ ਮੰਤਰੀ ਵਜੋਂ ਵਿਚਰਨਾ ਪਵੇਗਾ”। ਸਿਮਰਨਜੀਤ ਸਿੰਘ ਮਾਨ ਨੇ ਭਗਵੰਤ ਮਾਨ ਨੂੰ ਸਵਾਲੀਆ ਲਹਿਜ਼ੇ ‘ਚ ਕਿਹਾ ਕਿ “ਜੇਕਰ ਉਹਨਾਂ ਤੋਂ ਬਾਅਦ ਆਉਣ ਵਾਲਾ ਮੁੱਖ ਮੰਤਰੀ ਹਉਮੈ ਅਤੇ ਈਰਖਾ ਦੀ ਸੋਚ ਅਧੀਨ ਭਗਵੰਤ ਮਾਨ ਸਬੰਧੀ ਅਜਿਹੇ ਅਮਲ ਕਰੇ ਜੋ ਉਹ ਹੁਣ ਸ. ਚੰਨੀ ਨਾਲ ਕਰ ਰਹੇ ਹਨ ਫਿਰ ਉਨ੍ਹਾਂ ਉਤੇ ਕੀ ਗੁਜ਼ਰੇਗੀ ਤੇ ਉਨ੍ਹਾਂ ਦੀ ਸਥਿਤੀ ਕੀ ਹੋਵੇਗੀ ? ਸ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਿਨਾਂ ਵਜ੍ਹਾ ਮੰਦਭਾਵਨਾ ਅਧੀਨ ਵਾਰ-ਵਾਰ ਸੱਦ ਕੇ ਜ਼ਲੀਲ ਕਰਨ ਦੀਆਂ ਕਾਰਵਾਈਆਂ ਨਿੰਦਣਯੋਗ ਅਤੇ ਗੈਰ ਇਖਲਾਕੀ ਹਨ । ਸ ਮਾਨ ਨੇ ਮੁੱਖ ਮੰਤਰੀ ਮਾਨ ਨੂੰ ਯਾਦ ਕਰਵਾਇਆ ਕਿ “ਜਦੋਂ ਸਿਕੰਦਰ ਬਾਦਸ਼ਾਹ ਨੇ ਪੰਜਾਬ ਦੇ ਰਾਜਾ ਪੋਰਸ ਉਤੇ ਜਿੱਤ ਪ੍ਰਾਪਤ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਸਿਕੰਦਰ ਨੇ ਰਾਜਾ ਪੋਰਸ ਨੂੰ ਪੁੱਛਿਆ ਕਿ ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ, ਜਿਸ ਦੇ ਜਵਾਬ ਵਿੱਚ ਪੋਰਸ ਨੇ ਕਿਹਾ ਕਿ ਜੋ ਇੱਕ ਰਾਜੇ ਨੂੰ ਦੂਸਰੇ ਰਾਜ ਦੇ ਰਾਜੇ ਨਾਲ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਰਾਜ ਪ੍ਰਬੰਧਾਂ ਵਿੱਚ ਵਰਤੇ ਜਾਣ ਵਾਲੇ ਤਹਿਜ਼ੀਬ ਤੇ ਸਲੀਕੇ ਦੇ ਵਰਤਾਰੇ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਕਾਇਮ ਰੱਖਦੇ ਹੋਏ ਹੀ ਵਿਚਰਨਾ ਚਾਹੀਦਾ ਵਰਨਾ ਆਉਣ ਵਾਲਾ ਸਮਾਂ ਉਨ੍ਹਾਂ ਨੂੰ ਵੀ ਅਜਿਹੀ ਸਥਿਤੀ ਵਿੱਚ ਖੜ੍ਹਾ ਕਰਨ ਤੋਂ ਗੁਰੇਜ ਨਹੀਂ ਕਰੇਗਾ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇੱਕ ਮੁੱਖ ਮੰਤਰੀ ਨੂੰ ਦੂਸਰੇ ਮੁੱਖ ਮੰਤਰੀ ਨਾਲ ਅਜਿਹਾ ਕਰਨਾ ਬਿਲਕੁਲ ਸ਼ੋਭਾ ਨਹੀਂ ਦਿੰਦਾ । ਸਰਦਾਰ ਮਾਨ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਵੀ ਕਿਹਾ ਕਿ ਉਹ ਸ਼ਹੀਦਾਂ ਦੀ ਧਰਤੀ ਨਾਲ ਸਬੰਧਤ ਹਨ, ਇਸ ਲਈ ਉਨ੍ਹਾਂ ਨੂੰ ਸ਼ਹੀਦਾਂ ਅੱਗੇ ਅਰਦਾਸ ਕਰਕੇ ਜਬਰ ਅਤੇ ਜ਼ੁਲਮ ਦੇ ਖਿਲਾਫ ਲੜਨ ਦੀ ਸ਼ਕਤੀ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਇਸ ਸ਼ਕਤੀ ਅੱਗੇ ਸਾਜ਼ਿਸ਼ੀ ਸ਼ਕਤੀਆਂ ਨਹੀਂ ਟਿਕ ਸਕਣਗੀਆਂ ।