ਬਰਨਾਲਾ, 30 ਨਵੰਬਰ (ਨਿਰਮਲ ਸਿੰਘ ਪੰਡੋਰੀ) :
ਸਿਹਤ ਵਿਭਾਗ ਵੱਲੋਂ ਮੋਤੀਆ ਬਿੰਦ ਖਿਲਾਫ਼ ਵਿੱਢੀ ਮੁਹਿੰਮ ਤਹਿਤ 1 ਦਸੰਬਰ ਦਿਨ ਵੀਰਵਾਰ ਨੂੰ ਪ੍ਰਾਇਮਰੀ ਹੈਲਥ ਸੈਂਟਰ ਪਿੰਡ ਭੱਠਲ ਵਿਖੇ ਵਿਸ਼ੇਸ਼ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡਾ. ਜਸਬੀਰ ਸਿੰਘ ਔਲਖ ਸਿਵਲ ਸਰਜਨ ਨੇ ਦੱਸਿਆ ਕਿ ਇਹਨਾਂ ਵਿਸ਼ੇਸ਼ ਕੈਂਪਾਂ ਵਿੱਚ ਘੱਟ ਨਜ਼ਰ ਵਾਲੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੌਰਾਨ ਮੋਤੀਆ ਬਿੰਦ ਤੋਂ ਪੀੜਤ ਵਿਅਕਤੀਆਂ ਦੇ ਸਿਵਲ ਹਸਪਤਾਲ ਬਰਨਾਲਾ ਵਿਖੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁਫਤ ਅਪ੍ਰੇਸਨ ਕੀਤੇ ਜਾ ਰਹੇ ਹਨ । ਡਾ. ਔਲਖ ਨੇ ਕਿਹਾ ਕਿ ਇਹ ਕੈਂਪ ਨੋਡਲ ਅਫ਼ਸਰ ਡਾ. ਗੁਰਮਿੰਦਰ ਕੌਰ ਔਜਲਾ ਡੀ.ਐਮ.ਸੀ. ਬਰਨਾਲਾ ਅਤੇ ਡਾ. ਸਤਵੰਤ ਸਿੰਘ ਔਜਲਾ ਐਸ. ਐਮ. ਓ ਧਨੌਲਾ ਦੀ ਅਗਵਾਈ ਹੇਠ ਅੱਖਾਂ ਦੇ ਮਾਹਿਰ ਡਾਕਟਰ ਇੰਦੂ ਬਾਂਸਲ ਅਤੇ ਕਰਮਜੀਤ ਸਿੰਘ ਅਪਥਾਲਮਿਕ ਅਫਸਰ ਵੱਲੋਂ ਕੈਂਪ ਵਿੱਚ ਆਉਣ ਵਾਲੇ ਮਰੀਜਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਪੀੜਤ ਮਰੀਜਾਂ ਦੇ ਮੁਫਤ ਆਪ੍ਰੇਸਨ ਸਿਵਲ ਹਸਪਤਾਲ ਬਰਨਾਲਾ ਵਿਖੇ ਕੀਤੇ ਜਾਣਗੇ। ਡਾ. ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋ ਇਸ ਕੈਂਪ ਸਬੰਧੀ ਸਿਹਤ ਵਿਭਾਗ ਦੀ ਟੀਮ ਵੱਲੋਂ ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਬਰਨਾਲਾ ਇਲਾਕੇ ਦੀ ਪੰਚਾਇਤਾਂ, ਧਾਰਮਿਕ ਸੰਸਥਾਵਾਂ,ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਦਾ ਇਸ ਮੁਹਿੰਮ ਵਿੱਚ ਵਿਸੇਸ ਯੋਗਦਾਨ ਹੈ ਇਸ ਲਈ ਭਲਾਈ ਦੇ ਇਸ ਕੰਮ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ।