ਬਰਨਾਲਾ, 12 ਅਕਤੂਬਰ (ਨਿਰਮਲ ਸਿੰਘ ਪੰਡੋਰੀ) :
13 ਏਕੜ ਜਮੀਨ ਵਿੱਚ ਬਣੀ ਸਰਕਾਰੀ ਗਊਸ਼ਾਲਾ ਵਿੱਚ ਦਰਜਨ ਤੋਂ ਵਧੇਰੇ ਕੰਮ ਕਰਦੇ ਕਾਮਿਆਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਬਲਾਕ ਮਹਿਲ ਕਲਾਂ ਦੇ ਪਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਇੱਕੋ-ਇੱਕ ਸਰਕਾਰੀ ਗਊਸ਼ਾਲਾ ਬਣੀ ਹੋਈ ਹੈ। ਇਸ ਗਊਸ਼ਾਲਾ ਵਿੱਚ ਮੈਨੇਜਰ ਸਮੇਤ ਸਾਰੇ ਵਰਕਰ ਲੰਬੇ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ ਉੱਪਰ ਕੰਮ ਕਰਨ ਲਈ ਮਜ਼ਬੂਰ ਹਨ। ਮੈਨੇਜਰ ਨੂੰ 11000 ਰੁਪਏ ਵਰਕਰਾਂ ਨੂੰ 8500 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਂਦੀ । ਉਨ੍ਹਾਂ ਕਿਹਾ ਕਿ ਢਾਈ ਸਾਲ ਦਾ ਸਮਾਂ ਬੀਤ ਜਾਣ ਬਾਅਦ ਵੀ ਇਨਾਂ ਕਾਮਿਆਂ ਦੀਆਂ ਤਨਖ਼ਾਹਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਕੋਵਿਡ ਦੌਰਾਨ ਅਤੇ ਹੁਣ ਲੰਪੀ ਸਕਿਨ ਬਿਮਾਰੀ ਦੌਰਾਨ ਗਊਆਂ ਦੀ ਸਾਂਭ ਸੰਭਾਲ ਲਈ ਇਨਾਂ ਕਾਮਿਆਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ। ਪਸ਼ੂਆਂ ਦੀ ਸਾਂਭ ਸੰਭਾਲ ਦੌਰਾਨ ਬਹੁਤ ਵਾਰੀ ਵਰਕਰਾਂ ਨੂੰ ਗੰਭੀਰ ਸੱਟ ਲੱਗ ਜਾਂਦੀ ਹੈ ਜਾਂ ਪਸ਼ੂ ਹੀ ਕਈ ਵਾਰ ਵਰਕਰਾਂ ਦੇ ਸੱਟ ਫੇਟ ਮਾਰ ਦਿੰਦੇ ਹਨ। ਗੰਭੀਰ ਹੋਏ ਵਰਕਰਾਂ ਦੇ ਇਲਾਜ ਲਈ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ। ਸਰਕਾਰੀ ਤੌਰ ‘ਤੇ ਇਲਾਜ ਵੀ ਨਹੀਂ ਕਰਵਾਇਆ ਜਾਂਦਾ। ਗਊਸ਼ਾਲਾ ਵਿੱਚ ਸਹੀ ਢੰਗ ਨਾਲ ਸੰਭਾਲ ਲਈ ਗਿਣਤੀ ਅਨੁਸਾਰ ਘੱਟੋ-ਘੱਟ ਇੱਕ ਦਰਜਨ ਹੋਰ ਕਾਮਿਆਂ ਦੀ ਲੋੜ ਹੈ। ਇਸ ਸਮੇਂ ਗੱਲਬਾਤ ਕਰਦਿਆਂ ਭਾਕਿਯੂ ਏਕਤਾ ਡਕੌਂਦਾ ਪਿੰਡ ਇਕਾਈ ਮਨਾਲ ਦੇ ਆਗੂਆਂ ਗਗਨਦੀਪ ਸਿੰਘ, ਅਮਨਦੀਪ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ 2015 ਵਿੱਚ ਇਸ ਗਊਸ਼ਾਲਾ ਲਈ 2000 ਰੁਪਏ ਪ੍ਰਤੀ ਏਕੜ ਸਲਾਨਾ ਠੇਕਾ ਦੇਣਾ ਤਹਿ ਕੀਤਾ ਸੀ, ਉਹ ਵੀ ਲੰਬੇ ਸਮੇਂ ਤੋਂ ਅਦਾ ਨਹੀਂ ਕੀਤਾ ਜਾ ਰਿਹਾ। ਜਦ ਕਿ ਇਹ ਕਾਮੇ ਦਿਨ ਰਾਤ ਗਊਆਂ ਦੀ ਸੰਭਾਲ ਕਰਦੇ ਹਨ। ਬੀਕੇਯੂ ਏਕਤਾ ਡਕੌਦਾ ਨੇ ਜ਼ਿਲ੍ਹਾ ਪਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਗਊਸ਼ਾਲਾ ਵਿੱਚ ਕੰਮ ਕਰਦੇ ਕਾਮਿਆਂ ਦੀਆਂ ਤਨਖ਼ਾਹਾਂ ਵਿੱਚ ਵਧੀ ਹੋਈ ਮਹਿੰਗਾਈ ਅਨੁਸਾਰ ਵਾਧਾ ਕੀਤਾ ਜਾਵੇ, ਪੱਕਾ ਕੀਤਾ ਜਾਵੇ, ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਸਾਲ ਵਿੱਚ ਚਾਰ ਵਰਦੀਆਂ ਦਿੱਤੀਆਂ ਜਾਣ, ਲੋੜ ਅਨੁਸਾਰ ਹੋਰ ਕਾਮੇ ਭਰਤੀ ਕੀਤੇ ਜਾਣ, ਅਜਿਹਾ ਨਾ ਹੋਣ ਦੀ ਸੂਰਤ ਵਿੱਚ ਭਾਕਿਯੂ ਏਕਤਾ ਡਕੌਂਦਾ ਇਨਾਂ ਕਾਮਿਆਂ ਨੂੰ ਨਾਲ ਲੈਕੇ ਸੰਘਰਸ਼ ਕਰੇਗੀ।