ਭਾਈ ਰਣਜੀਤ ਸਿੰਘ ਨੇ ਐਸਜੀਪੀਸੀ ਚੋਣਾਂ ਕਰਵਾਉਣ ਲਈ ਕੀਤਾ ਸੰਘਰਸ਼ ਦਾ ਐਲਾਨ
ਬਰਨਾਲਾ, 09 ਸਤੰਬਰ (ਨਿਰਮਲ ਸਿੰਘ ਪੰਡੋਰੀ) :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਦਾ ਤੁਰੰਤ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਰੀਬ ਡੇਢ ਸਾਲ ਪਹਿਲਾਂ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਯੁਕਤੀ ਹੋਈ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕਮਿਸ਼ਨ ਨੂੰ ਪੂਰਾ ਸਟਾਫ਼ ਵੀ ਨਹੀਂ ਦਿੱਤਾ ਗਿਆ, ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਚੋਣਾਂ ਕਰਵਾਉਣ ਸੰਬੰਧੀ ਗੰਭੀਰ ਨਹੀਂ ਹਨ। ਉਨ੍ਹਾਂ ਕਿਹਾ ਕਿ ਸ਼ੋ੍ਮਣੀ ਕਮੇਟੀ ਦੀਆਂ ਚੋਣਾਂ ਨੂੰ 12 ਸਾਲ ਹੋ ਚੁੱਕੇ ਹਨ। ਚੋਣਾਂ ਨਾ ਹੋਣ ਕਾਰਨ ਸਿੱਖ ਕੌਮ ਦਾ ਵੱਡਾ ਨੁਕਸ਼ਾਨ ਹੋ ਰਿਹਾ ਹੈ। ਕਮੇਟੀ ਦੇ ਵਿੱਦਿਅਕ ਅਦਾਰੇ ਖੜੋਤ ਵਿੱਚ ਹਨ ਅਤੇ ਕਮੇਟੀ ਦੀ ਜ਼ਮੀਨ ਖੁੱਸਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਲੀਡਰਸ਼ਿਪ ਹੇਠ ਮੌਜੂਦਾ ਸ਼੍ਰੋਮਣੀ ਕਮੇਟੀ ਚੱਲ ਰਹੀ ਹੈ ਉਹ ਲੀਡਰਸ਼ਿਪ ਵੀ ਲੋਕਾਂ ’ਚ ਅਤੇ ਖ਼ਾਸ ਕਰਕੇ ਸਿੱਖ ਕੌਮ ’ਚ ਆਪਣਾ ਆਧਾਰ ਗੁਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਮੁਤਾਬਿਕ ਸ਼ੋ੍ਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੀਆਂ ਚੋਣਾਂ ਤੁਰੰਤ ਹੋਣੀਆਂ ਚਾਹੀਦੀਆਂ ਹਨ ,ਜੇਕਰ ਕਮੇਟੀ ਦਾ ਚੋਣ ਅਮਲ ਹੋਰ ਲਟਕਾਇਆ ਜਾਂਦਾ ਹੈ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਭਾਈ ਰਣਜੀਤ ਸਿੰਘ ਨੇ 24 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਭਵਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਐਸਜੀਪੀਸੀ ਦੀ ਕਾਰਜਕਰਨੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ, ਪੰਥਕ ਅਕਾਲੀ ਲਹਿਰ ਦੇ ਮੁੱਖ ਬੁਲਾਰੇ ਜੋਗਾ ਸਿੰਘ ਚੱਪੜ, ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲੇ, ਅੰਮਿ੍ਤ ਸਿੰਘ ਰਤਨਗੜ, ਜਸਵੀਰ ਸਿੰਘ ਧਾਲੀਵਾਲ ਆਦਿ ਵੀ ਹਾਜ਼ਰ ਸਨ।